ਅਜਨਾਲਾ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਰੈਲੀਆਂ ਜ਼ਰੀਏ ਉਮੀਦਵਾਰਾਂ ਦੇ ਐਲਾਨ ਨੂੰ ਅੱਗੇ ਤੋਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਤੀਜੇ ਉਮੀਦਵਾਰ ਦੇ ਨਾੰਅ ਦਾ ਵੀ ਐਲਾਨ ਕਰ ਦਿੱਤਾ ਹੈ। ਵੀਰਵਾਰ ਨੂੰ ਅੰਮ੍ਰਿਤਸਰ ਦੇ ਅਜਨਾਲਾ ‘ਚ ਰੱਖੀ ਗਈ ਰੈਲੀ ਦੌਰਾਨ ਸਾਬਕਾ ਸਾਂਸਦ ਰਤਨ ਅਜਨਾਲਾ ਦੇ ਬੇਟੇ ਨੂੰ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ।
ਬੌਨੀ ਅਜਨਾਲਾ ਦਾ ਨਾੰਅ ਐਲਾਨ ਕਰਦੇ ਹੋਏ ਸੁਖਬੀਰ ਬਾਦਲ ਨੇ ਅਜਨਾਲਾ ਦੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਬੌਨੀ ਪੂਰੇ ਵਿਧਾਨ ਸਭਾ ਹਲਕੇ ਖਾਸਕਰ ਸਰਹੱਦੀ ਇਲਾਕਿਆਂ ਦੀ ਨੁਹਾਰ ਬਦਲਣ ਦਾ ਦਮ ਰੱਖਦੇ ਨੇ।
ਕੋਰੋਨਾ ਮੁਕਤ ਹੋਣ ਤੋਂ ਬਾਅਦ ਸੁਖਬੀਰ ਦੀ ਪਹਿਲੀ ਰੈਲੀ
ਸੁਖਬੀਰ ਸਿੰਘ ਬਾਦਲ ਹਾਲ ਹੀ ‘ਚ ਕੋਰੋਨਾ ਨੂੰ ਮਾਤ ਦੇ ਕੇ ਵਾਪਸ ਪਰਤੇ ਹਨ। ਸੁਖਬੀਰ ਬਾਦਲ 16 ਮਾਰਚ ਨੂੰ ਪਾਜ਼ੀਟਿਵ ਪਾਏ ਗਏ ਸਨ। ਉਹਨਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਚੱਲ ਰਿਹਾ ਸੀ। ਹਾਲ ਹੀ ‘ਚ ਉਹ ਕੋਰੋਨਾ ਨੂੰ ਮਾਤ ਦੇ ਕੇ ਵਾਪਸ ਪਰਤੇ ਹਨ।
ਕੌਣ ਹਨ ਬੌਨੀ ਅਜਨਾਲਾ ?
ਬੌਨੀ ਅਜਨਾਲਾ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਾਂਸਦ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨ। ਉਹਨਾਂ ਨੇ ਪਹਿਲੀ ਵਾਰ ਸਾਲ 2004 ‘ਚ ਅਜਨਾਲਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਜ਼ਿਮਨੀ ਚੋਣ ਲੜੀ ਸੀ, ਜਿਸ ‘ਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਾਲ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ‘ਚ ਬੌਨੀ ਅਜਨਾਲਾ ਲਗਾਤਾਰ 2 ਵਾਰ ਜੇਤੂ ਰਹੇ। ਹਾਲਾਂਕਿ 2017 ਦੀਆਂ ਚੋਣਾਂ ‘ਚ ਬੌਨੀ ਅਜਨਾਲਾ ਨੂੰ ਕਾਂਗਰਸ ਉਮੀਦਵਾਰ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਬਾਗੀਆਂ ‘ਚ ਵੀ ਸ਼ੁਮਾਰ ਰਹੇ
2018 ‘ਚ ਬਾਦਲ ਪਰਿਵਾਰ ਖਿਲਾਫ਼ ਬਗਾਵਤ ਦਾ ਝੰਡਾ ਬੁਲੰਦ ਕਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਨਾੰਅ ‘ਤੇ ਵੱਖਰਾ ਧੜਾ ਬਣਾਉਣ ਵਾਲੇ ਟਕਸਾਲੀ ਆਗੂਆਂ ‘ਚ ਰਤਨ ਸਿੰਘ ਅਜਨਾਲਾ ਵੀ ਸ਼ਾਮਲ ਸਨ। ਬੌਨੀ ਅਜਨਾਲਾ ਨੇ ਵੀ ਪਿਤਾ ਦੇ ਇਸ ਫ਼ੈਸਲੇ ‘ਚ ਉਹਨਾਂ ਦਾ ਸਾਥ ਦਿੰਦੇ ਹੋਏ ਬਾਦਲ ਪਰਿਵਾਰ ਖਿਲਾਫ਼ ਬਾਗੀ ਰੁਖ ਅਪਣਾਇਆ ਸੀ। ਨਵੰਬਰ, 2018 ‘ਚ ਪਾਰਟੀ ਨੇ ਇਹਨਾਂ ਦੋਨਾਂ ਸਣੇ ਸਾਰੇ ਬਾਗੀਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ। ਹਾਲਾਂਕਿ, ਬਾਅਦ ‘ਚ ਰਤਨ ਸਿੰਘ ਅਜਨਾਲਾ ਅਤੇ ਬੌਨੀ ਅਜਨਾਲਾ ਨੇ ਬਾਗੀ ਆਗੂਆਂ ਦਾ ਸਾਥ ਛੱਡ ਅਕਾਲੀ ਦਲ ‘ਚ ਵਾਪਸੀ ਕਰ ਲਈ ਸੀ। ਫ਼ਰਵਰੀ, 2020 ‘ਚ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ‘ਚ ਅਜਨਾਲਾ ਪਿਉ-ਪੁੱਤਰ ਦੋਬਾਰਾ ਤੱਕੜੀ ‘ਚ ਸਵਾਰ ਹੋ ਗਏ ਸਨ।
ਪਹਿਲਾਂ ਵੀ 2 ਉਮੀਦਵਾਰ ਐਲਾਨ ਚੁੱਕਿਆ ਹੈ ਅਕਾਲੀ ਦਲ
ਅਕਾਲੀ ਦਲ ਵੱਲੋਂ ਇਸ ਤੋਂ ਪਹਿਲਾਂ 2 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਜਲਾਲਾਬਾਦ ਤੋਂ ਸੁਖਬੀਰ ਬਾਦਲ ਅਤੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ।