ਚੰਡੀਗੜ੍ਹ। ਪੰਜਾਬ ‘ਚ ਔਰਤਾਂ ਲਈ ਇੱਕ ਅਪ੍ਰੈਲ ਤੋਂ ਬੱਸਾਂ ‘ਚ ਮੁਫ਼ਤ ਸਫਰ ਦੀ ਸ਼ੁਰੂਆਤ ਹੋ ਗਈ ਹੈ। ਪਰ ਇੱਕ ਸਵਾਲ ਸੂਬੇ ਦੀਆਂ ਵਧੇਰੇਤਰ ਔਰਤਾਂ ਦੇ ਜ਼ਹਿਨ ‘ਚ ਸੀ, ਕਿ ਇਹ ਫ਼ੈਸਲਾ ਚੰਡੀਗੜ੍ਹ ਜਾਣ ਜਾਂ ਚੰਡੀਗੜ੍ਹ ਤੋਂ ਪੰਜਾਬ ਆਉਣ ਦੇ ਸਫ਼ਰ ‘ਤੇ ਲਾਗੂ ਹੋਵੇਗਾ ਜਾਂ ਨਹੀੰ। ਇਸ ਸਵਾਲ ਦਾ ਜਵਾਬ ਹੁਣ ਸੂਬੇ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦਿੱਤਾ ਹੈ।
ਸੂਬੇ ਦੀ ਸਮਾਜਿਕ ਸੁਰੱਖਿਆ, ਇਸਤਰੀ ਦੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਸਪੱਸ਼ਟ ਕੀਤਾ ਕਿ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੀਆਂ ਤੇ ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ PRTC ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਵੀ ਲਾਗੂ ਹੋਵੇਗੀ। ਉਹਨਾਂ ਇਸ ਸਕੀਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ। ਅਰੁਣਾ ਚੌਧਰੀ ਨੇ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮਹਿਕਮੇ ਨੂੰ ਨੋਡਲ ਵਿਭਾਗ ਬਣਾਇਆ ਗਿਆ ਹੈ ਅਤੇ ਵਿਭਾਗ ਇਸ ਸਕੀਮ ਨੂੰ ਲਾਗੂ ਕਰਨ ਲਈ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਬਿਠਾ ਕੇ ਕੰਮ ਕਰੇਗਾ।
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਸਵੇਰੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੂਰੇ ਪੰਜਾਬ ‘ਚ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਇਸ ਕਦਮ ਨਾਲ ਸੂਬੇ ਦੀਆਂ ਮਹਿਲਾਵਾਂ ਬੇਹੱਦ ਖੁਸ਼ ਨਜ਼ਰ ਆ ਰਹੀਆਂ ਹਨ।