November 4, 2022
(Amritsar)
ਅੰਮ੍ਰਿਤਸਰ ਵਿੱਚ ਸ਼ਿਵਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਮਜੀਠਾ ਰੋਡ ‘ਤੇ ਮੌਜੂਦ ਗੋਪਾਲ ਮੰਦਰ ਦੇ ਬਾਹਰ ਦੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੂਰੀ ‘ਤੇ ਗੋਲੀਆਂ ਉਸ ਵਕਤ ਚੱਲੀਆਂ, ਜਦੋਂ ਉਹ ਹੋਰਨਾਂ ਆਗੂਆਂ ਨਾਲ ਮੰਦਿਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਸਨ। ਧਰਨਾ ਪ੍ਰਦਰਸ਼ਨ ਦੇ ਦੌਰਾਨ ਹੀ ਅਚਾਨਕ ਭੀੜ ‘ਚ ਮੌਜੂਦ ਇੱਕ ਸ਼ਖਸ ਨੇ ਗੋਲੀਆਂ ਚਲਾ ਦਿੱਤੀਆਂ।
ਫ਼ਾਇਰਿੰਗ ਦੌਰਾਨ ਸੂਰੀ ਨੂੰ 2 ਗੋਲੀਆਂ ਵੱਜੀਆਂ, ਜਿਸ ਤੋਂ ਬਾਅਦ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖਮਾਂ ਦੇ ਤਾਬ ਨੂੰ ਨਾ ਸਹਿੰਦੇ ਹੋਏ ਉਹਨਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਸੂਰੀ ਨੂੰ ਕਾਫੀ ਹਾਈ ਸਕਿਓਰਿਟੀ ਮਿਲੀ ਹੋਈ ਸੀ, ਪਰ ਸੁਰੱਖਿਆ ਵਿੱਚ ਤੈਨਾਤ ਜਵਾਨ ਵੀ ਉਹਨਾਂ ਦੀ ਜਾਨ ਨਹੀਂ ਬਚਾ ਸਕੇ।
ਗੋਪਾਲ ਮੰਦਰ ਕੋਲ ਹੀ ਦੁਕਾਨ ਚਲਾਉਂਦਾ ਹੈ ਹਮਲਾਵਰ
ਦੱਸਿਆ ਜਾ ਰਿਹਾ ਹੈ ਕਿ ਜਿਸ ਸ਼ਖਸ ਨੇ ਸੁਧੀਰ ਸੂਰੀ ‘ਤੇ ਗੋਲੀਆਂ ਚਲਾਈਆਂ, ਉਹ ਗੋਪਾਲ ਮੰਦਰ ਦੇ ਬਾਹਰ ਹੀ ਇੱਕ ਦੁਕਾਨ ਚਲਾਉਂਦਾ ਹੈ। ਪੁਲਿਸ ਨੇ ਉਸ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਲਈ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਕਤਲ ਦੇ ਪਿੱਛੇ ਕੀ ਕਾਰਨ ਹੈ, ਇਸਦਾ ਖੁਲਾਸਾ ਫਿਲਹਾਲ ਨਹੀਂ ਹੋ ਸਕਿਆ ਹੈ।
ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਸਨ ਸੁਧੀਰ ਸੂਰੀ
ਇਹ ਵੀ ਦੱਸ ਦਈਏ ਕਿ ਪਿਛਲੇ ਮਹੀਨੇ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ 4 ਗੈਂਗਸਟਰਾਂ ਨੇ ਵੀ ਇਹ ਖੁਲਾਸਾ ਕੀਤਾ ਸੀ ਕਿ ਉਹ ਸ਼ਿਵਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ। ਉਹ ਬਕਾਇਦਾ ਸੂਰੀ ਦੀ ਰੇਕੀ ਵੀ ਕਰ ਚੁੱਕੇ ਸਨ। ਉਹਨਾਂ ਨੇ ਦਿਵਾਲੀ ਤੋਂ ਪਹਿਲਾਂ ਹੀ ਸੂਰੀ ਨੂੰ ਟਾਰਗੇਟ ਕਰਨਾ ਸੀ, ਪਰ ਉਸ ਤੋਂ ਪਹਿਲਾਂ ਹੀ STF ਅਤੇ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ।
ਕੂੜੇ ਦੇ ਢੇਰ ‘ਚ ਮੂਰਤੀਆਂ ਸੁੱਟਣ ਦਾ ਕਰ ਰਹੇ ਸਨ ਵਿਰੋਧ
ਦਰਅਸਲ, ਸੁਧੀਰ ਸੂਰੀ ਜਦੋਂ ਸਵੇਰੇ ਗੋਪਾਲ ਮੰਦਰ ਆਏ ਸਨ ਤਾਂ ਕੁਝ ਲੋਕਾਂ ਨੇ ਉਹਨਾਂ ਦਾ ਧਿਆਨ ਨਜ਼ਦੀਕ ਪਏ ਕੂੜੇ ਦੇ ਢੇਰ ਵੱਲ ਦਵਾਇਆ, ਜਿਸ ਵਿੱਚ ਭਗਵਾਨ ਦੀਆਂ ਮੂਰਤੀਆਂ ਸੁੱਟੀਆਂ ਗਈਆਂ ਹਨ। ਇਸੇ ਤੋਂ ਭੜਕ ਕੇ ਸੂਰੀ ਨੇ ਸਥਾਨਕ ਲੋਕਾਂ ਅਤੇ ਆਪਣੇ ਸਮਰਥਕਾਂ ਦੇ ਨਾਲ ਧਰਨਾ ਪ੍ਰਦਰਸ਼ਨ ਦਾ ਮਨ ਬਣਾਇਆ ਅਤੇ ਧਰਨੇ ‘ਤੇ ਬਹਿ ਗਏ।