November 4, 2022
(Chandigarh)
ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ ‘ਤੇ ਜਾਰੀ ਸਿਆਸਤ ਵਿਚਾਲੇ ਹੁਣ ਦਿੱਲੀ ਦੇ ਉਪ ਰਾਜਪਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਸੀਐੱਮ ਭਗਵੰਤ ਮਾਨ ਨੂੰ ਲਿਖੇ ਆਪਣੇ ਪੱਤਰ ਵਿੱਚ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਪਰਾਲੀ ਦੇ ਮੁੱਦੇ ‘ਤੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ, ਜਿਸਦੇ ਜਵਾਬ ਵਿੱਚ ਮਾਨ ਨੇ LG ‘ਤੇ ਸਿਆਸਤ ਕਰਨ ਦਾ ਇਲਜ਼ਾਮ ਲਾਇਆ ਹੈ।
ਆਪਣੇ ਪੱਤਰ ਵਿੱਚ ਦਿੱਲੀ ਦੇ LG ਨੇ ਲਿਖਿਆ, “ਮੈਂ ਪੰਜਾਬ ਦੇ ਮੁੱਖ ਮੰਤਰੀ ਦਾ ਧਿਆਨ ਦਿੱਲੀ ਦੇ ਲੋਕਾਂ ਦੀ ਤਕਲੀਫ਼ ਵੱਲ ਦਵਾਉਣਾ ਚਾਹੁੰਦਾ ਹਾਂ, ਜਿਸ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ। ਪੰਜਾਬ ਵਿੱਚ ਸੜ ਰਹੀ ਪਰਾਲੀ ਦੇ ਚਲਦੇ ਦਿੱਲੀ ਗੈਸ ਚੈਂਬਰ ਬਣ ਚੁੱਕੀ ਹੈ। ਪ੍ਰਦੂਸ਼ਣ ਦਾ ਲੈਵਲ “ਸਵੀਅਰ ਪਲੱਸ” ‘ਤੇ ਪਹੁੰਚ ਚੁੱਕਿਆ ਹੈ। 95 ਫ਼ੀਸਦ ਧੂਆਂ ਪੰਜਾਬ ਦੀ ਪਰਾਲੀ ਦੇ ਕਾਰਨ ਹੈ।”
Wrote to Hon'ble CM, Punjab yesterday, urging him to take urgent measures to control Parali burning by making Farmers willing partners in defeating the deadly pollution in Delhi-NCR. It is sad that volume of Parali fires in Punjab has increased since 2021.
Sent copy to CM, Delhi. pic.twitter.com/eOIyaVgS7t— LG Delhi (@LtGovDelhi) November 4, 2022
CM ਮਾਨ ਨੇ ਕਾਲ ਰਿਸੀਵ ਨਹੀਂ ਕੀਤੀ- LG
LG ਨੇ ਕਿਹਾ ਕਿ ਉਹਨਾਂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਇਸ ਬਾਰੇ ਗੱਲ ਹੋਈ ਸੀ। ਉਹਨਾਂ ਕਿਹਾ, “ਮੈਂ ਸੀਐੱਮ ਭਗਵੰਤ ਮਾਨ ਨਾਲ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੀਟਿੰਗਾਂ ਵਿੱਚ ਮਸ਼ਰੂਫ ਸਨ। ਬਾਅਦ ਵਿੱਚ ਵੀ ਉਹਨਾਂ ਨੇ ਕਾਲ ਬੈਕ ਨਹੀਂ ਕੀਤੀ।”
ਪਿਛਲੇ 1 ਹਫ਼ਤੇ ਦੇ ਅੰਕੜੇ ਖ਼ਤਰੇ ਦੀ ਘੰਟੀ- LG
ਉਪ ਰਾਜਪਾਲ ਨੇ ਆਪਣੇ ਪੱਤਰ ਵਿੱਚ ਜਾਣਕਾਰੀ ਦਿੱਤੀ ਕਿ 24 ਅਕਤੂਬਰ, 2022 ਤੋਂ 2 ਨਵੰਬਰ, 2022 ਤੱਕ 2021 ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ 19% ਵਧੇ ਹਨ। ਇਹ ਅੰਕੜਾ ਖ਼ਤਰੇ ਦੀ ਘੰਟੀ ਹੈ। 2021 ਵਿੱਚ 18066 ਮਾਮਲੇ ਸਾਹਮਣੇ ਆਏ ਸਨ, ਜੋ ਹੁਣ ਵੱਧ ਕੇ 21,840 ਹੋ ਗਏ ਹਨ। ਉਹਨਾਂ ਕਿਹਾ ਕਿ 2 ਨਵੰਬਰ ਨੂੰ ਹੀ ਪੂਰੇ ਦੇਸ਼ ਵਿੱਚ ਪਰਾਲੀ ਸਾੜਨ ਦੇ 3825 ਮਾਮਲੇ ਸਾਹਮਣੇ ਆਏ ਸਨ, ਜਿਹਨਾਂ ਵਿਚੋਂ 3634 ਸਿਰਫ਼ ਪੰਜਾਬ ਦੇ ਸਨ, ਜਦਕਿ ਦਿੱਲੀ ਤੋਂ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਗੰਭੀਰ ਵਿਸ਼ੇ ‘ਤੇ ਸਿਆਸਤ ਠੀਕ ਨਹੀਂ- ਮਾਨ
ਉਪ ਰਾਜਪਾਲ ਦੇ 3 ਪੰਨਿਆਂ ਦੇ ਪੱਤਰ ਦੇ ਜਵਾਬ ਵਿੱਚ ਸੀਐੱਮ ਭਗਵੰਤ ਮਾਨ ਨੇ ਮਹਿਜ਼ 3 ਲਾਈਨਾਂ ਦਾ ਟਵੀਟ ਕੀਤਾ। ਉਹਨਾਂ ਕਿਹਾ, “LG ਸਾਬ੍ਹ, ਤੁਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮਾਂ ਨੂੰ ਰੋਕ ਰਹੇ ਹੋ। “ਰੈੱਡ ਲਾਈਟ ਆਨ, ਗੱਡੀ ਆਫ” ਕੈਂਪੇਨ ਨੂੰ ਰੋਕ ਦਿੱਤਾ ਅਤੇ ਮੈਨੂੰ ਚਿੱਠੀ ਲਿਖ ਕੇ ਸਿਆਸਤ ਕਰ ਰਹੇ ਹੋ? ਇੰਨੇ ਗੰਭੀਰ ਵਿਸ਼ੇ ‘ਤੇ ਸਿਆਸਤ ਠੀਕ ਨਹੀਂ।”
LG साहिब, आप दिल्ली की चुनी हुई सरकार के कामों को रोक रहे हो। “रेड लाइट ऑन, गाड़ी ऑफ” कैंपेन को रोक दिया और मुझे चिट्ठी लिखकर राजनीति कर रहे हो? इतने गंभीर विषय पर राजनीति ठीक नहीं।
— Bhagwant Mann (@BhagwantMann) November 4, 2022
ਕੇਜਰੀਵਾਲ, ਮਾਨ ਨੇ ਮੰਗਿਆ 1 ਸਾਲ ਦਾ ਸਮਾਂ
ਇਸ ਸਭ ਦੇ ਵਿਚਾਲੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਇਕੱਠੇ ਮੀਡੀਆ ਦੇ ਸਾਹਮਣੇ ਆਏ ਅਤੇ ਪਰਾਲੀ ਦੇ ਹੱਲ ਲਈ ਲੋਕਾਂ ਤੋਂ 1 ਸਾਲ ਦਾ ਸਮਾਂ ਮੰਗਿਆ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਨੂੰ ਅਜੇ 6 ਮਹੀਨੇ ਹੀ ਹੋਏ ਹਨ, ਜਿਸ ਕਰਕੇ ਪਰਾਲੀ ਦੇ ਮੁੱਦੇ ਦਾ ਕੋਈ ਠੋਸ ਹੱਲ ਅਜੇ ਕੱਢਿਆ ਨਹੀਂ ਜਾ ਸਕਿਆ। ਉਹਨਾਂ ਕਿਹਾ ਕਿ ਪਰਾਲੀ ਸਾੜਨ ਲਈ ਕਿਸਾਨ ਮਜਬੂਰ ਹਨ। ਸੀਐੱਮ ਮਾਨ ਨੇ ਕਿਹਾ ਕਿ ਅਗਲੇ ਸਾਲ ਨਵੰਬਰ ਮਹੀਨੇ ਤੱਕ ਉਹਨਾਂ ਦੀ ਸਰਕਾਰ ਜ਼ਰੂਰ ਇਸ ਮਸਲੇ ਦਾ ਕੋਈ ਠੋਸ ਹੱਲ ਕੱਢੇਗੀ।