ਚੰਡੀਗੜ੍ਪ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਜਲਦ ਤੋਂ ਜਲਦ ਸਰਕਾਰ ਜਾਂ ਸੰਗਠਨ ‘ਚ ਐਡਜਸਟ ਕਰਨਾ ਚਾਹੁੰਦੀ ਹੈ। ਪਰ ਮੁੱਖ ਮੰਤਰੀ ਤੋਂ ਜਦੋਂ ਇਸ ‘ਤੇ ਸਵਾਲ ਕੀਤਾ ਗਿਆ, ਤਾਂ ਉਹਨਾਂ ਕਿਹਾ ਕਿ ਸਿੱਧੂ ਫ਼ਿਲਹਾਲ ਕੁਝ ਸਮਾਂ ਚਾਹੁੰਦੇ ਹਨ। ਅਹੁਦੇ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਹਾਈਕਮਾਨ ਦਾ ਹੈ। ਹਾਲਾਂਕਿ ਮਜਾ਼ਕੀਆ ਲਹਿਜ਼ੇ ‘ਚ ਇਹ ਵੀ ਕਹੇ ਗਏ ਕਿ ਜੇਕਰ ਸਿੱਧੂ ਚਾਹੁਣ ਤਾਂ ਮੇਰਾ ਅਹੁਦਾ ਵੀ ਲੈ ਸਕਦੇ ਹਨ।
ਬੁੱਧਵਾਰ ਨੂੰ ਦੋਵੇਂ ਆਗੂਆਂ ਵਿਚਾਲੇ ਹੋਈ ਮੀਟਿੰਗ ਬਾਰੇ ਕੈਪਟਨ ਨੇ ਕਿਹਾ, “ਸਿੱਧੂ ਦੇ ਪਰਿਵਾਰ ਨਾਲ ਮੇਰੇ ਪੁਰਾਣੇ ਸਬੰਧ ਹਨ। ਸਾਡੀ ਮੀਟਿੰਗ ਬੇਹੱਦ ਚੰਗੇ ਮਾਹੌਲ ‘ਚ ਹੋਈ ਹੈ। ਸਿੱਧੂ ਪੰਜਾਬ ਕਾਂਗਰਸ ਦਾ ਅਹਿਮ ਹਿੱਸਾ ਹਨ। ਹਰ ਕੋਈ ਉਹਨਾਂ ਨੂੰ ਸਾਡੀ ਟੀਮ ‘ਚ ਵੇਖਣਾ ਚਾਹੁੰਦਾ ਹੈ ਤੇ ਮੈਨੂੰ ਉਮੀਦ ਹੈ ਕਿ ਉਹ ਜਲਦ ਸਾਡੀ ਟੀਮ ਦਾ ਹਿੱਸਾ ਹੋਣਗੇ।” ਕੈਪਟਨ ਆਪਣੇ 4 ਸਾਲਾਂ ਦੇ ਕੰਮਕਾਜ ਸਬੰਧੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰ ਰਹੇ ਸਨ।
ਦੱਸ ਦਈਏ ਕਿ ਬੀਤੇ ਦਿਨ ਨਵਜੋਤ ਸਿੱਧੂ ਚੰਡੀਗੜ੍ਹ ‘ਚ ਕੈਪਟਨ ਦੇ ਸਿਸਵਾਂ ਫ਼ਾਰਮਹਾਊਸ ਪਹੁੰਚੇ ਹਨ, ਜਿਥੇ ਦੋਵੇਂ ਆਗੂਆਂ ਵਿਚਾਲੇ ਕਰੀਬ 50 ਮਿੰਟਾਂ ਤੱਕ ਵਿਚਾਰ-ਚਰਚਾ ਹੋਈ। ਮੀਟਿੰਗ ‘ਚ ਹੋਈ ਗੱਲਬਾਤ ਬਾਰੇ ਤਾਂ ਜਾਣਕਾਰੀ ਨਹੀਂ ਮਿਲ ਸਕੀ, ਪਰ ਮੁਲਾਕਾਤ ਤੋਂ ਬਾਅਦ ਸਾਹਮਣੇ ਆਈ ਤਸਵੀਰ ‘ਚ ਦੋਵਾਂ ਦੀ ਮੁਸਕਾਨ ਆਪਣੇ ਆਪ ‘ਚ ਕਾਫ਼ੀ ਕੁਝ ਕਹਿ ਰਹੀ ਸੀ। ਸੋ, ਪੰਜਾਬ ਦੇ ਲੋਕਾਂ ਨੂੰ ਹੁਣ ਉਸ ਵਕਤ ਦਾ ਇੰਤਜ਼ਾਰ ਹੈ, ਜਦੋਂ ਸਿੱਧੂ ਵਾਪਸ ਪੰਜਾਬ ਕਾਂਗਰਸ ਦੀਆਂ ਗਤੀਵਿਧੀਆਂ ‘ਚ ਨਜ਼ਰ ਆਉਣਗੇ।