ਨਵੀਂ ਦਿੱਲੀ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਚੋਣ ਲੜਨ ਦੀ ਸਲਾਹ ਦੇਣ ਵਾਲੇ ਗੁਰਨਾਮ ਸਿੰਘ ਚੜੂਨੀ ‘ਤੇ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਕਸ਼ਨ ਲਿਆ ਹੈ। ਸੰਯੁਕਤ ਮੋਰਚੇ ਵੱਲੋਂ ਚੜੂਨੀ ਨੂੰ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਅਗਲੇ ਇੱਕ ਹਫਤੇ ਤੱਕ ਚੜੂਨੀ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਵੀ ਸਮਾਗਮ ‘ਚ ਸ਼ਾਮਲ ਨਹੀਂ ਹੋ ਸਕਣਗੇ।
ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, “ਚਢੂਨੀ ਨੂੰ ਵਾਰ-ਵਾਰ ਅਜਿਹੀ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਗਿਆ, ਪਰ ਚਢੂਨੀ ਨਹੀਂ ਮੰਨੇ। ਹੁਣ ਮਜਬੂਰਨ SKM ਨੂੰ ਇਹ ਕਾਰਵਾਈ ਕਰਨੀ ਪਈ ਹੈ।” ਰਾਜੇਵਾਲ ਨੇ ਕਿਹਾ ਕਿ ਅੰਦੋਲਨ ਨਾਲ ਜੁੜੀਆਂ ਜਥੇਬੰਦੀਆਂ ਦਾ ਸਿਆਸਤ ‘ਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਚਢੂਨੀ ਦੇ ਅਜਿਹੇ ਬਿਆਨ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ।
ਸਸਪੈਂਸ਼ਨ ‘ਤੇ ਭੜਕੇ ਚੜੂਨੀ
ਗੁਰਨਾਮ ਸਿੰਘ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਾਰਵਾਈ ‘ਤੇ ਨਰਾਜ਼ਗੀ ਜਤਾਉਂਦੇ ਹੋਏ ਇਸ ਨੂੰ ਗਲਤ ਕਰਾਰ ਦਿੱਤਾ। ਚੜੂਨੀ ਨੇ ਕਿਹਾ ਕਿ ਉਹਨਾਂ ਨੇ ਸਿਰਫ਼ ਪੰਜਾਬ ਦੀਆਂ ਜਥੇਬੰਦੀਆਂ ਨੂੰ ਸੁਝਾਅ ਦਿੱਤਾ ਸੀ, ਨਾ ਕਿ ਕੋਈ ਫ਼ੈਸਲਾ ਸੁਣਾਇਆ ਸੀ। ਚੜੂਨੀ ਨੇ ਕਿਹਾ ਕਿ ਕਿਸਾਨਾਂ ਦੀ ਬਿਹਤਰੀ ਲਈ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ।
ਬਿਆਨ ‘ਤੇ ਹਾਲੇ ਵੀ ਕਾਇਮ- ਚੜੂਨੀ
ਚੜੂਨੀ ਨੇ ਸਾਫ ਕਿਹਾ ਕਿ ਉਹ ਆਪਣੇ ਬਿਆਨ ‘ਤੇ ਹਾਲੇ ਵੀ ਕਾਇਮ ਹਨ। ਉਹਨਾਂ ਕਿਹਾ ਕਿ ਬਿਨ੍ਹਾਂ ਚੋਣ ਲੜੇ ਬਦਲਾਅ ਨਹੀਂ ਹੋ ਸਕਦਾ ਅਤੇ ਜੇਕਰ ਹਕੀਕਤ ‘ਚ ਕਿਸਾਨਾਂ ਦੀ ਤਕਦੀਰ ਬਦਲਣੀ ਹੈ, ਤਾਂ ਸੱਤਾ ‘ਚ ਆਉਣ ਲਈ ਸੰਘਰਸ਼ ਕਰਨਾ ਹੋਵੇਗਾ। ਤੇ ਇਸਦੀ ਸ਼ੁਰੂਆਤ ਪੰਜਾਬ ਤੋਂ ਹੋਣੀ ਚਾਹੀਦੀ ਹੈ। ਉਹਨਾਂ ਨੇ ਖੁਦ ਦੇ ਚੋਣ ਲੜਨ ਦੇ ਸਵਾਲ ਨੂੰ ਉਹ ਟਾਲ ਦਿੱਤੇ ਗਏ ਅਤੇ ਕਿਹਾ ਕਿ ਉਹਨਾਂ ਨੇ ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਹੈ।
ਕੌਣ ਹਨ ਗੁਰਨਾਮ ਸਿੰਘ ਚੜੂਨੀ?
60 ਸਾਲਾ ਗੁਰਨਾਮ ਸਿੰਘ ਚੜੂਨੀ ਹਰਿਆਣਾ ਦੇ ਵੱਡੇ ਕਿਸਾਨ ਆਗੂ ਹਨ। ਉਹਨਾਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਹਨ ਅਤੇ ਕੁਰੂਕਸ਼ੇਤਰ ਨਾਲ ਸਬੰਧ ਰਖਦੇ ਹਨ। ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ, ਕੈਥਲ, ਕਰਨਾਲ ਜ਼ਿਲ੍ਹਿਆਂ ‘ਚ ਇਹਨਾਂ ਦਾ ਖਾਸਾ ਅਸਰ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਗੁਰਨਾਮ ਚੜੂਨੀ ਨੇ 2014 ‘ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਦੀ ਚੋਣ ਵੀ ਲੜੀ ਸੀ। ਹਾਲਾਂਕਿ ਸਿਆਸੀ ਬਿਸਾਤ ‘ਤੇ ਉਹ ਟਿਕ ਨਹੀਂ ਸਕੇ ਅਤੇ ਜਲਦ ਹੀ ਕਿਸਾਨ ਆਗੂ ਦੇ ਤੌਰ ‘ਤੇ ਫਿਰ ਵਾਪਸੀ ਕੀਤੀ। ਪਿਛਲੇ ਕਰੀਬ 8 ਮਹੀਨਿਆਂ ਤੋਂ ਉਹ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ।