ਬੀਕਾਨੇਰ। ਰਾਜਸਥਾਨ ਦੇ ਬੀਕਾਨੇਰ ‘ਚ ਪੰਜਾਬ ਦੇ ਇੱਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਇੱਕ ਅਖਬਾਰ ‘ਚ ਛਪੀ ਖਬਰ ਮੁਤਾਬਕ, ਸ਼ਨੀਵਾਰ ਨੂੰ ਬੀਕਾਨੇਰ ਫੀਲਡ ਫਾਇਰਿੰਗ ਰੇਂਜ ‘ਚ ਯੁੱਧ ਅਭਿਆਸ ਦੌਰਾਨ ਹੋਏ ਧਮਾਕੇ ‘ਚ 27 ਸਾਲਾ ਜਵਾਨ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਪ੍ਰਭਜੋਤ ਸਿੰਘ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ।
ਇਸ ਘਟਨਾ ਦੌਰਾਨ ਇੱਕ ਜਵਾਨ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਬਠਿੰਡਾ ਦੇ ਤਲਵੰਡੀ ਭਾਈ ਦਾ ਰਹਿਣ ਵਾਲਾ 26 ਸਾਲਾ ਜਵਾਨ ਜਗਰਾਜ ਸਿੰਘ ਇਸ ਘਟਨਾ ‘ਚ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸਦਾ ਸੂਰਤਗੜ੍ਹ ਆਰਮੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਾਜਨ ਫੀਲਡ ਫਾਇਰਿੰਗ ਰੇਂਜ ਦੇ ਸਾਊਥ ਕੈਂਪ ‘ਚ 23 ਸਿੱਖ ਬਟਾਲੀਅਨ ਯੁੱਧ ਅਭਿਆਸ ਦੀ ਤਿਆਰੀ ਕਰ ਰਹੀ ਸੀ। ਉਸੇ ਦੌਰਾਨ ਬਾਰੂਦ ‘ਚ ਧਮਾਕਾ ਹੋਇਆ। ਜਦੋਂ ਤੱਕ ਕਿਸੇ ਨੂੰ ਕੁਝ ਸਮਝ ਆਉਂਦਾ, ਉਦੋਂ ਤੱਕ 2 ਜਵਾਨ ਜ਼ਖਮੀ ਹੋ ਚੁੱਕੇ ਸਨ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਪ੍ਰਭਜੋਤ ਸਿੰਘ ਨੇ ਦਮ ਤੋੜ ਦਿੱਤਾ।
ਰੋਜ਼ਾਨਾ ਯੁੱਧ ਅਭਿਆਸ ਕਰਦੇ ਹਨ ਜਵਾਨ
ਕਾਬਿਲੇਗੌਰ ਹੈ ਕਿ ਇਥੇ ਜਵਾਨ ਹਰ ਰੋਜ਼ ਯੁੱਧ ਅਭਿਆਸ ਕਰਦੇ ਹਨ। ਸਵੇਰੇ ਅਤੇ ਸ਼ਾਮ ਦੋਵੇਂ ਸਮੇਂ ਫਾਇਰਿੰਗ ਰੇਂਜ ‘ਚ ਅਭਿਆਸ ਹੁੰਦਾ ਹੈ। ਇਸ ਦੌਰਾਨ ਤੋਪ ਵੀ ਚਲਾਉਣੀ ਹੁੰਦੀ ਹੈ, ਜਿਸਦੇ ਲਈ ਟਾਰਗੇਟ ਸੈੱਟ ਕੀਤਾ ਜਾਂਦਾ ਹੈ। ਇਹ ਸਭ ਅਸਾਨ ਨਹੀਂ ਹੁੰਦਾ। ਕਈ ਵਾਰ ਜਵਾਨ ਤੋਪ ਦੀ ਚਪੇਟ ‘ਚ ਆ ਜਾਂਦੇ ਹਨ।