ਬਿਓਰੋ। ਬੱਚਿਆਂ ਦੀ ਕੋਰੋਨਾ ਵੈਕਸੀਨੇਸ਼ਨ ਦਾ ਇੰਤਜ਼ਾਰ ਹੁਣ ਜਲਦ ਹੀ ਖਤਮ ਹੋ ਸਕਦਾ ਹੈ। CDSCO (Central Drugs Standard Control Organisation) ਦੀ ਸਬਜੈਕਟ ਐਕਸਪਰਟ ਕਮੇਟੀ ਨੇ 2 ਤੋਂ 18 ਸਾਲ ਦੇ ਬੱਚਿਆਂ ਨੂੰ ਵੈਕਸੀਨ ਦੇਣ ਲਈ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੂੰ ਸਿਫ਼ਾਰਿਸ਼ ਕੀਤੀ ਹੈ। ਕਮੇਟੀ ਨੇ ਇਹ ਸਿਫ਼ਾਰਿਸ਼ ਭਾਰਤ ਦੀ ਇਕਲੌਤੀ ਦੇਸੀ ਵੈਕਸੀਨ ਕੋਵੈਕਸੀਨ ਲਈ ਕੀਤੀ ਹੈ।
ਜਾਣਕਾਰੀ ਮੁਤਾਬਕ, ਇਸ ਵੈਕਸੀਨ ਨੇ ਇਮਿਊਨ ਸਿਸਟਮ ਡੈਵਲਪ ਹੋਵੇਗਾ ਅਤੇ ਇਸਦੇ ਕੋਈ ਸਾਈਡ ਇਫੈਕਟ ਵੀ ਵੇਖਣ ਨੂੰ ਨਹੀਂ ਮਿਲੇ। ਜੇਕਰ DCGI ਨੇ ਸਬਜੈਕਟ ਕਮੇਟੀ ਦੀਆਂ ਸਿਫ਼ਾਰਿਸ਼ਾਂ ਮੰਨ ਲਈਆਂ, ਤਾਂ ਬੱਚਿਆਂ ਨੂੰ ਵੀ ਜਲਦ ਹੀ ਇਸ ਵੈਕਸੀਨ ਦੀਆਂ 2 ਡੋਜ਼ ਲਾਈਆਂ ਜਾਣਗੀਆਂ।
3 ਫੇਜ਼ ਦੇ ਟ੍ਰਾਇਲ ਤੋਂ ਬਾਅਦ ਕੀਤੀ ਸਿਫ਼ਾਰਿਸ਼
ਦਰਅਸਲ, ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨੂੰ ਵੇਖਦੇ ਹੋਏ ਬੱਚਿਆਂ ‘ਤੇ ਇਸਦਾ ਵੱਧ ਖ਼ਤਰਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਇਸਦੇ ਨਾਾਲ ਹੀ ਦੇਸ਼ ਭਰ ਵਿੱਚ ਸਕੂਲ ਵੀ ਖੁੱਲ੍ਹਣੇ ਸ਼ੁਰੂ ਹੋ ਗਏ ਹਨ, ਜਿਸਦੇ ਚਲਦੇ ਉਹਨਾਂ ‘ਤੇ ਸੰਕ੍ਰਮਿਤ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਇਸ ਲਈ DCGI ਦੀ ਸਬਜੈਕਟ ਐਕਸਪਰਟ ਕਮੇਟੀ ਨੇ 12 ਮਈ ਨੂੰ ਬੱਚਿਆਂ ‘ਤੇ ਕੋਵੈਕਸੀਨ ਦੇ ਟ੍ਰਾਇਲ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਜੂਨ ਮਹੀਨੇ ਵਿੱਚ ਭਾਰਤ ਬਾਇਓਟੈੱਕ ਨੇ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ। ਆਖਰ 3 ਫੇਜ਼ ਦੇ ਟ੍ਰਾਇਲ ਤੋਂ ਬਾਅਦ ਬੱਚਿਆਂ ਲਈ ਕੋਵੈਕਸੀਨ ਦੇ ਇਸਤੇਮਾਲ ਦੀ ਸਿਫ਼ਾਰਿਸ਼ ਕੀਤੀ ਗਈ ਹੈ।