September 19, 2022
(Chandigarh)
ਆਪਰੇਸ਼ਨ Lotus ਨੂੰ ਲੈ ਕੇ ਛਿੜੀ ਜ਼ੁਬਾਨੀ ਜੰਗ ਦੀ ਗੂੰਜ ਹੁਣ ਵਿਧਾਨ ਸਭਾ ਵਿੱਚ ਸੁਣਾਈ ਦਵੇਗੀ। ਪੰਜਾਬ ਦੀ ਮਾਨ ਸਰਕਾਰ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। ਸੈਸ਼ਨ ਵਿੱਚ ਸਰਕਾਰ ਭਰੋਸਗੀ ਮਤਾ ਲੈ ਕੇ ਆਏਗੀ, ਜਿਸਦੇ ਜ਼ਰੀਏ ਇਹ ਵਿਖਾਉਣ ਦੀ ਕੋਸ਼ਿਸ਼ ਹੋਵੇਗੀ ਕਿ ਸਾਰੇ 92 ਵਿਧਾਇਕ ਪਾਰਟੀ ਦੇ ਨਾਲ ਹਨ ਅਤੇ BJP ਦਾ ਕਥਿਤ ਆਪਰੇਸ਼ਨ ਲੋਟਸ ਫੇਲ੍ਹ ਸਾਬਿਤ ਹੋਇਆ ਹੈ।
‘ਵਿਸ਼ਵਾਸ ਦੀ ਕਿਸੇ ਕਰੰਸੀ ‘ਚ ਕੋਈ ਕੀਮਤ ਨਹੀੰ’
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਲੋਕਾਂ ਨੇ ਸਾਡੀ ਸਰਕਾਰ ਨੂੰ ਜ਼ਬਰਦਸਤ ਬਹੁਮਤ ਦਿੱਤਾ ਸੀ, ਪਰ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀਆਂ ਕੁਝ ਤਾਕਤਾਂ ਸਾਡੇ ਵਿਧਾਇਕ ਨੂੰ ਧਨ-ਦੌਲਤ ਦੇ ਸਹਾਰੇ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਕਰਕੇ ਅਸੀਂ ਇਸ ਵਿਸ਼ੇਸ਼ ਇਜਲਾਸ ਵਿਚ ਸੂਬੇ ਦੇ ਲੋਕਾਂ ਦਾ ਭਰੋਸਾ ਹਾਸਲ ਕਰਨ ਦਾ ਫੈਸਲਾ ਲਿਆ ਹੈ।” ਉਹਨਾੰ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਦੀ ਦੁਨੀਆ ਦੀ ਕਿਸੇ ਕਰੰਸੀ ‘ਚ ਕੋਈ ਕੀਮਤ ਨਹੀੰ ਹੁੰਦੀ।
ਲੋਕਾਂ ਦੇ ਵਿਸ਼ਵਾਸ ਦੀ ਦੁਨੀਆਂ ਦੀ ਕਿਸੇ ਕਰੰਸੀ ਵਿੱਚ ਕੋਈ ਕੀਮਤ ਨਹੀਂ ਹੁੰਦੀ …22 September ਦਿਨ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ ਬੁਲਾ ਕੇ ਵਿਸ਼ਵਾਸ ਮਤਾ ਪੇਸ਼ ਕਰਕੇ ਕਾਨੂੰਨੀ ਤੌਰ ‘ਤੇ ਇਹ ਗੱਲ ਸਾਬਤ ਕਰ ਦਿੱਤੀ ਜਾਵੇਗੀ…ਇਨਕਲਾਬ ਜ਼ਿੰਦਾਬਾਦ..! pic.twitter.com/VM2zA1upDP
— Bhagwant Mann (@BhagwantMann) September 19, 2022
ਸਾਜ਼ਿਸ਼ ਦਾ ਪਰਦਾਫਾਸ਼ ਕਰੇਗਾ ਇਜਲਾਸ- CM
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਆਪ ਦੇ ਵਿਧਾਇਕਾਂ ਨੂੰ ਧਨ-ਦੌਲਤ ਦੀ ਤੱਕੜੀ ਵਿਚ ਤੋਲਿਆ ਨਹੀਂ ਜਾ ਸਕਦਾ, ਕਿਉਂਕਿ ਉਹ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਤੇ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨੂੰ ਅਸਥਿਰ ਕਰਨ ਦੇ ਨਾਪਾਕ ਮਨਸੂਬੇ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ ਕਿਉਂ ਜੋ ਸਾਡੀ ਪਾਰਟੀ ਦੇ ਵਿਧਾਇਕ ਸੂਬੇ ਦੇ ਲੋਕਾਂ ਪ੍ਰਤੀ ਵਫਾਦਾਰ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿਸ਼ੇਸ਼ ਇਜਲਾਸ ਵਿਚ ਪੰਜਾਬ ’ਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।
ਵਿਧਾਇਕਾੰ ਨੇ ਹੀ ਨਾਕਾਮ ਕੀਤੇ ਮਨਸੂਬੇ- CM
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਵਿਧਾਇਕਾਂ ਨੂੰ ਲੋਭ-ਲਾਲਚ ਨਾਲ ਵਰਗਲਾਉਣ ਦੀਆਂ ਘਟੀਆ ਚਾਲਾਂ ਸਿਰੇ ਨਹੀਂ ਚੜ੍ਹੀਆਂ, ਕਿਉਂਕਿ ਵਿਧਾਇਕਾਂ ਨੇ ਹੀ ਉਨ੍ਹਾਂ ਦੀ ਸਰਕਾਰ ਨੂੰ ਪੱਟੜੀ ਤੋਂ ਲਾਹੁਣ ਦੇ ਮਨਸੂਬੇ ਨਾਕਾਮ ਕਰ ਦਿੱਤੇ। ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਾਰੀਆਂ ਪਾਰਟੀਆਂ ਨੇ ਵੋਟਰਾਂ ਨੂੰ ਪੈਸੇ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਇਸ ਦੇ ਚੁਣੇ ਹੋਏ ਵਿਧਾਇਕਾਂ ਨਾਲ ਚਟਾਨ ਵਾਂਗ ਖੜ੍ਹੇ। ਉਨ੍ਹਾਂ ਕਿਹਾ ਕਿ ਹੁਣ ਇਹ ਵਿਧਾਇਕ ਪੰਜਾਬ ਦੀ ਤਰੱਕੀ ਤੇ ਲੋਕਾਂ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਧਾਇਕ ਪਾਰਟੀ, ਪੰਜਾਬ ਤੇ ਪੰਜਾਬ ਵਾਸੀਆਂ ਪ੍ਰਤੀ ਸਮਰਪਿਤ ਤੇ ਵਫਾਦਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਧਾਇਕ ਪੈਸਿਆਂ ਖਾਤਰ ਕਦੇ ਵੀ ਆਪਣਾ ਜ਼ਮੀਰ ਨਹੀਂ ਵੇਚਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਵਿਚ ਚੁਣੀ ਹੋਈ ਸਰਕਾਰ ਨੂੰ ਡੇਗਣ ਬਾਰੇ ਦਿਨ ਵੇਲੇ ਸੁਪਨੇ ਲੈਣੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਪੰਜਾਬੀ ਇਸ ਗੁਨਾਹ ਲਈ ਅਜਿਹੇ ਲੋਕਾਂ ਨੂੰ ਕਦੇ ਵੀ ਬਖਸ਼ਣਗੇ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਆਪ ਦੇ ਸਾਰੇ ਵਿਧਾਇਕ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਸਮਰਪਣ ਹੋ ਕੇ ਉਪਰਾਲੇ ਕਰਨਗੇ।
ਦਿੱਲੀ ਦੀ ਤਰਜ ‘ਤੇ ਬੁਲਾਇਆ ਗਿਆ ਸੈਸ਼ਨ
ਪੰਜਾਬ ਤੋੰ ਪਹਿਲਾਂ ਦਿੱਲੀ ਵਿੱਚ ਵੀ ‘ਆਪ’ ਨੇ ਬੀਜੇਪੀ ‘ਤੇ ਆਪਰੇਸ਼ਨ Lotus ਚਲਾਉਣ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ ਦਿੱਲੀ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ‘ਚ ਭਰੋਸਗੀ ਮਤਾ ਹਾਸਲ ਕੀਤਾ ਸੀ। ਉਹਨਾਂ ਦੀ ਸਰਕਾਰ ਦੇ ਹੱਕ ਵਿੱਚ 58 ਵੋਟਾਂ ਮਿਲੀਆਂ ਸਨ, ਜਿਸਦੇ ਵਿਰੋਧ ਵਿੱਚ ਕੋਈ ਵਿਧਾਇਕ ਖੜ੍ਹਾ ਨਹੀਂ ਹੋਇਆ ਸੀ। ਬੀਜੇਪੀ ਦੇ ਤਿੰਨਾਂ ਵਿਧਾਇਕਾਂ ਨੂੰ ਡਿਪਟੀ ਸਪੀਕਰ ਦੇ ਨਾਲ ਬਹਿਸ ਤੋਂ ਬਾਅਦ ਸਦਨ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਸੇ ਸਾਲ ਫਰਵਰੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿਚੋਂ 92 ‘ਤੇ ‘ਆਪ’ ਨੇ ਹੁੰਝਾ ਫੇਰ ਜਿੱਤ ਹਾਸਲ ਕੀਤੀ ਸੀ ਅਤੇ ਸੂਬੇ ਵਿੱਚ ਪਹਿਲੀ ਵਾਰ ਆਪਣੀ ਸਰਕਾਰ ਬਣਾਈ। 2017 ਵਿੱਚ ਪਾਰਟੀ ਨੂੰ ਮਹਿਜ਼ 20 ਸੀਟਾਂ ਹੀ ਹਾਸਲ ਹੋਈਆੰ ਸਨ।