ਬਿਓਰੋ। ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ‘ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਦਾ ਸੁਭਾਗ ਹਾਸਲ ਹੋਇਆ ਹੈ, ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਚਾਰ ਪੈਰ ਵਾਲੇ ਦਰਵੇਸ਼ ਸੇਵਾਦਾਰ ਦੇ ਦਰਸ਼ਨ ਜ਼ਰੂਰ ਕੀਤੇ ਹੋਣਗੇ। ਇਸ ਸੇਵਾਦਾਰ ਨੇ ਕੁਝ ਦਿਨ ਪਹਿਲਾਂ ਆਪਣਾ ਸਰੀਰ ਤਿਆਗ ਦਿੱਤਾ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।
ਰੱਬ ਦੀ ਵੱਡੀ ਮਿਹਰ ਹਾਸਲ ਇਹ ਚਾਰ ਪੈਰਾਂ ਵਾਲਾ ਸੇਵਾਦਾਰ ਨਿਤਨੇਮ ਨਾਲ ਹਰ ਰੋਜ਼ ਸਵੇਰੇ 2 ਵਜੇ ਗਾਗਰ ਸੇਵਾਦਾਰ ਦੇ ਨਾਲ ਦਰਿਆ ਤੋਂ ਪਾਣੀ ਲਿਆਉਣ ਲਈ ਜਾਂਦਾ ਸੀ।
ਭਾਵੇਂ ਉਸ ਨੂੰ ਦੋਵੇਂ ਅੱਖਾਂ ਤੋਂ ਦਿਸਦਾ ਨਹੀਂ ਸੀ, ਤੇ ਸਾਰਾ ਦਿਨ ਕਿਤੇ-ਆਉਂਦਾ ਜਾਂਦਾ ਨਹੀਂ ਸੀ, ਪਰ ਹਰ ਰਾਤ 2 ਵਜੇ ਬਿਨ ਨਾਗਾ, ਉਹ ਨਦੀ ਵੱਲ੍ਹ ਜਾਣ ਵਾਲੇ ਜਲੂਸ ‘ਚ ਸ਼ਾਮਲ ਹੁੰਦਾ ਸੀ।
ਦਰਿਆ ਤੋਂ ਪਾਣੀ ਲਿਆਉਣ ਵਾਲੇ ਜਲੂਸ ਦੇ ਨਾਲ ਹੀ ਇਹ ਵਾਪਸ ਗੁਰਦੁਆਰਾ ਸਾਹਿਬ ਆਉਂਦਾ ਸੀ ਅਤੇ ਫ਼ਿਰ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਲੱਗੇ ਆਪਣੇ ਬਿਸਤਰੇ ‘ਤੇ ਸੌਂ ਜਾਂਦਾ ਸੀ।
ਹਜ਼ੂਰ ਸਾਹਿਬ ਵਿਖੇ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਨੇ ਇਹ ਕ੍ਰਿਸ਼ਮਾ ਆਪਣੇ ਅੱਖੀਂ ਦੇਖਿਆ ਹੈ। ਉਸ ‘ਤੇ ਸੱਚਮੁੱਚ ਹੀ ਪਰਮਾਤਮਾ ਦੀ ਵੱਡੀ ਮਿਹਰ ਸੀ, ਪਰ ਹੁਣ ਉਸਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਦੇ ਬਾਅਦ ਇਹ ਨਜ਼ਾਰਾ ਸੰਗਤ ਨੂੰ ਵੇਖਣ ਨੂੰ ਨਹੀਂ ਮਿਲੇਗਾ।