Home Election ਪੰਜਾਬ ਕਾਂਗਰਸ ਦੇ ਰੱਫੜ 'ਚ ਆਲਾਕਮਾਨ ਦੀ ਐਂਟਰੀ, ਪਰ ਬਾਗੀਆਂ ਦੇ ਤਲਖ...

ਪੰਜਾਬ ਕਾਂਗਰਸ ਦੇ ਰੱਫੜ ‘ਚ ਆਲਾਕਮਾਨ ਦੀ ਐਂਟਰੀ, ਪਰ ਬਾਗੀਆਂ ਦੇ ਤਲਖ ਤੇਵਰ ਬਰਕਰਾਰ

ਚੰਡੀਗੜ੍ਹ। ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਦਿਨੋ-ਦਿਨ ਸਾਰੀਆਂ ਹੱਦਾਂ ਪਾਰ ਕਰਦੀ ਜਾ ਰਹੀ ਹੈ। ਲਿਹਾਜ਼ਾ ਹੁਣ ਪਾਰਟੀ ਹਾਈਕਮਾਨ ਨੇ ਕਮਾਨ ਸੰਭਾਲ ਲਈ ਹੈ। ਕਾਂਗਰਸ ‘ਚ ਬਗਾਵਤ ਦਾ ਝੰਡਾ ਬੁਲੰਦ ਕਰੀ ਬੈਠੇ ਆਗੂ ਦੱਸਦੇ ਹਨ ਕਿ ਬੀਤੀ ਰਾਤ ਉਹਨਾ ਨੂੰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਫੋਨ ਕੀਤਾ ਗਿਆ ਸੀ ਅਤੇ ਆਪਣੀ ਗੱਲ ਪਾਰਟੀ ਪਲੇਟਫਾਰਮ ‘ਤੇ ਰੱਖਣ ਲਈ ਕਿਹਾ ਗਿਆ ਹੈ।

ਇਹਨਾਂ ਫੋਨ ਕਾਲਾਂ ਦੌਰਾਨ ਆਗੂਆਂ ਨੇ ਹਰੀਸ਼ ਰਾਵਤ ਦੇ ਸਾਹਮਣੇ ਵਿਜੀਲੈਂਸ ਜਾਂਚ ਦਾ ਮੁੱਦਾ ਚੁੱਕਿਆ। ਵਿਧਾਇਕ ਪਰਗਟ ਸਿੰਘ ਨੂੰ ਮਿਲੀ ਕਥਿਤ ਧਮਕੀ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਚਰਨਜੀਤ ਚੰਨੀ ਦਾ 3 ਸਾਲ ਪੁਰਾਣਾ MeToo ਕੇਸ ਖੋਲ੍ਹੇ ਜਾਣ ਬਾਰੇ ਵੀ ਸੂਚਿਤ ਕੀਤਾ ਗਿਆ। ਕੈਬਨਿਟ ਮੰਤਰੀ ਚਰਨਜੀਤ ਚੰਨੀ, ਵਿਧਾਇਕ ਪਰਗਟ ਸਿੰਘ ਅਤੇ ਸਾਂਸਦ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਹਰੀਸ਼ ਰਾਵਤ ਨੇ ਉਹਨਾਂ ਨੂੰ ਸਾਰੇ ਮਾਮਲਿਆਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਹੈ।

ਡੈਮੇਜ ਕੰਟਰੋਲ ਵਿਚਾਲੇ ਮੀਟਿੰਗਾਂ ਦਾ ਦੌਰ

ਇੱਕ ਪਾਸੇ ਕਾਂਗਰਸ ਹਾਈਕਮਾਨ ਵੱਲੋਂ ਪਾਰਟੀ ਅੰਦਰ ਜਾਰੀ ਰੱਫੜ ਵਿਚਾਲੇ ਡੈਮੇਜ ਕੰਟਰੋਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਓਧਰ ਬਾਗੀ ਮੰਤਰੀਆਂ, ਵਿਧਾਇਕਾਂ ਤੇ ਸਾਂਸਦ ਬਾਜਵਾ ਵਿਚਾਲੇ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਇੱਕ ਵਾਰ ਫਿਰ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੀ ਰਿਹਾਇਸ਼ ‘ਤੇ ਸਰਕਾਰ ਖਿਲਾਫ਼ ਮੀਟਿੰਗ ਕੀਤੀ ਗਈ। ਪ੍ਰਤਾਪ ਬਾਜਵਾ ਦਾ ਦਾਅਵਾ ਹੈ ਕਿ ਇਸ ਮੀਟਿੰਗ ‘ਚ 5 ਮੰਤਰੀ ਅਤੇ 7 ਵਿਧਾਇਕ ਮੌਜੂਦ ਸਨ।

ਮੀਟਿੰਗ ‘ਚ ਉਠਿਆ MeToo ਵਿਵਾਦ

ਮੀਟਿੰਗ ਤੋਂ ਬਾਅਦ ਆਗੂਆਂ ਵੱਲੋਂ ਦਿੱਤੇ ਗਏ ਬਿਆਨ ਸਾਫ ਦੱਸਦੇ ਹਨ ਕਿ ਇਸ ਮੀਟਿੰਗ ‘ਚ ਮੁੱਖ ਤੌਰ ‘ਤੇ ਚਰਨਜੀਤ ਚੰਨੀ ਨਾਲ ਜੁੜੇ MeToo ਵਿਵਾਦ ‘ਤੇ ਚਰਚਾ ਹੋਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮਹਿਲਾ ਕਮਿਸ਼ਨ ਵੱਲੋਂ 3 ਸਾਲ ਬਾਅਦ ਇਹ ਮੁੱਦਾ ਚੁੱਕਿਆ ਜਾਣਾ ਬੇਹੱਦ ਗਲਤ ਹੈ। ਉਹਨਾਂ ਕਿਹਾ, “ਸਾਡੀ ਲੜਾਈ ਬੇਅਦਬੀ ‘ਤੇ ਹੈ ਅਤੇ ਅਸੀਂ ਇਸ ਤੋਂ ਪਿੱਛੇ ਨਹੀਂ ਹਟਾਂਗੇ।” ਵਿਧਾਇਕ ਪਰਗਟ ਸਿੰਘ ਨੇ ਕਿਹਾ, “ਮਹਿਲਾ ਕਮਿਸ਼ਨ ਕਦੇ ਧਰਨੇ ਦੇਣ ਦੀ ਗੱਲ ਨਹੀਂ ਕਰਦਾ, ਕਦੇ ਹਾਈਕਮਾਨ ਕੋਲ ਜਾਣ ਦੀ ਗੱਲ ਨਹੀਂ ਕਰਦਾ। ਇਸ ਲਈ ਜੋ ਹੋ ਰਿਹਾ ਹੈ, ਉਹ ਬੇਹੱਦ ਗਲਤ ਹੈ।”

ਕਥਿਤ ਧਮਕੀ ਦੇ ਮਾਮਲੇ ‘ਤੇ ਵੀ ਤਲਖ ਤੇਵਰ

ਓਧਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸ ਮੀਟਿੰਗ ਤੋਂ ਬਾਅਦ ਕਿਹਾ ਕਿ ਧਮਕੀਆਂ ਦੇਣਾ ਕਾਂਗਰਸ ਦੀ ਰਵਾਇਤ ਨਹੀਂ ਹੈ। ਉਹਨਾਂ ਕਿਹਾ, “ਮੈਂ ਕਿਸੇ ਜਾਂਚ ਜਾਂ ਜੇਲ੍ਹ ਜਾਣ ਤੋਂ ਨਹੀਂ ਡਰਦਾ। ਮੈਨੂੰ ਵਿਜੀਲੈਂਸ ਨੇ ਸੱਦਿਆ, ਤਾਂ ਮੈਂ ਜਾਂਚ ਲਈ ਜ਼ਰੂਰ ਜਾਵਾਂਗਾ।” ਸਾਂਸਦ ਪ੍ਰਤਾਪ ਬਾਜਵਾ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦੀ ਚੁੱਪੀ ‘ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ, “24 ਘੰਟਿਆਂ ਬਾਅਦ ਵੀ ਸੀਐੱਮ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਜੇਕਰ ਅਜਿਹਾ ਹੀ ਚਲਦਾ ਰਿਹਾ, ਤਾਂ ਪਾਰਟੀ ਨੂੰ ਬੇਹੱਦ ਨੁਕਸਾਨ ਝਲਣਾ ਪੈ ਸਕਦਾ ਹੈ।”

ਕਥਿਤ ਧਮਕੀ ਦੇ ਬਹਾਨੇ CM ‘ਤੇ ਮੁੜ ਵਰ੍ਹੇ ਸਿੱਧੂ

ਵਿਧਾਇਕ ਪਰਗਟ ਸਿੰਘ ਵੱਲੋਂ ਸੀਐੱਮ ‘ਤੇ ਲਗਾਏ ਇਲਜ਼ਾਮਾਂ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਇੱਕ ਵਾਰ ਫਿਰ ਕੈਪਟਨ ‘ਤੇ ਹਮਲਾ ਬੋਲਣ ਦਾ ਮੌਕਾ ਦੇ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਧੂ ਨੇ ਟਵੀਟ ਕੀਤਾ, “ਜੋ ਮੰਤਰੀ, ਵਿਧਾਇਕ ਅਤੇ ਸਾਂਸਦ ਲੋਕਾਂ ਦੇ ਮੁੱਦੇ ਚੁੱਕਦੇ ਹਨ, ਉਹ ਆਪਣੀ ਲੋਕਤਾੰਤਰਿਕ ਜ਼ਿੰਮੇਵਾਰੀ ਪੂਰੀ ਕਰਕੇ ਅਤੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਕੇ ਪਾਰਟੀ ਨੂੰ ਮਜਬੂਤ ਹੀ ਕਰ ਰਹੇ ਹਨ। ਪਰ ਜੋ ਵੀ ਸੱਚ ਬੋਲਦਾ ਹੈ, ਉਹ ਤੁਹਾਡਾ ਦੁਸ਼ਮਣ ਬਣ ਜਾਂਦਾ ਹੈ। ਇਸ ਲਈ, ਤੁਸੀਂ ਆਪਣੇ ਹੀ ਪਾਰਟੀ ਦੇ ਆਗੂਆਂ ਨੂੰ ਧਮਕਾ ਰਹੇ ਹਨ, ਜੋ ਤੁਹਾਡੇ ਡਰ ਅਤੇ ਅਸੁਰੱਖਿਆ ਨੂੰ ਸਾਫ ਉਜਾਗਰ ਕਰਦਾ ਹੈ।”

ਬਾਗੀਆਂ ਨੂੰ ‘ਆਪਣਿਆਂ’ ਦੀ ਸਲਾਹ

ਇਸ ਸਾਰੇ ਕਾਟੋ-ਕਲੇਸ਼ ਵਿਚਾਲੇ ਬਾਗੀ ਆਗੂਆਂ ਨੂੰ ਆਪਣੇ ਵੀ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਟਵੀਟ ਕਰਦੇ ਹਨ, “ਘਰ ਦੇ ਮਸਲੇ ਘਰ ਅੰਦਰ ਬਹਿ ਕੇ ਹੀ ਹੱਲ ਕਰਨੇ ਚਾਹੀਦੇ ਹਨ।”

 

ਕਾਂਗਰਸ ਦੀ ਲੜਾਈ, ਵਿਰੋਧੀਆਂ ਦੀ ਚੜ੍ਹਾਈ !

ਕਾਂਗਰਸ ਦੀ ਇਸ ਅੰਦਰੂਨੀ ਖਾਨਾਜੰਗੀ ‘ਤੇ ਵਿਰੋਧੀ ਖੂਬ ਖੁਸ਼ ਹਨ। 2017 ‘ਚ ਦੂਜੇ ਨੰਬਰ ਦੀ ਪਾਰਟੀ ਸਾਬਿਤ ਹੋਈ ਆਮ ਆਦਮੀ ਪਾਰਟੀ ਵੀ ਬਾਗੋ-ਬਾਗ ਹੈ ਅਤੇ ਰੱਜ ਕੇ ਸਿਆਸਤ ਕਰ ਰਹੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਟਵੀਟ ਕਰਦੇ ਹਨ, “ਪੰਜਾਬ ਦੇ ਲੋਕ ਕੋਰੋਨਾ ਨਾਲ ਲੜਾਈ ਲੜ ਰਹੇ ਹਨ ਅਤੇ ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ ਹੈ।”

ਜ਼ਾਹਿਰ ਹੈ ਕਿ ਪੰਜਾਬ ਕਾਂਗਰਸ ਅੰਦਰ ਜਾਰੀ ਕਲੇਸ਼ ਅਗਾਮੀ ਵਿਧਾਨ ਸਭਾ ਚੋਣਾਂ ਤੱਕ ਮੁਕਣ ਵਾਲਾ ਨਹੀਂ। ਲਿਹਾਜ਼ਾ ਕਾਂਗਰਸ ਨੂੰ ਹੋਣ ਵਾਲੇ ਡੈਮੇਜ ਦਾ ਫ਼ਾਇਦਾ ਆਮ ਆਦਮੀ ਪਾਰਟੀ ਲੈ ਜਾਂਦੀ ਹੈ ਜਾਂ ਫਿਰ ਅਕਾਲੀ ਦਲ ਆਪਣੀ ਸਾਖ ਸੁਧਾਰ ਕੇ ਸੱਤਾ ‘ਚ ਵਾਪਸੀ ਕਰਦਾ ਹੈ। ਇਸ ਵੇਖਣਾ ਵਾਕਈ ਬੇਹੱਦ ਦਿਲਚਸਪ ਰਹਿਣ ਵਾਲਾ ਹੈ। ਪਰ ਇਸ ਸਭ ਤੋਂ ਪਹਿਲਾਂ ਨਜ਼ਰਾਂ ਇਸ ਗੱਲ ‘ਤੇ ਰਹਿਣਗੀਆਂ ਤਿ ਆਖਰ ਹਾਈਕਮਾਨ ਪੂਰੇ ਮਸਲੇ ਨਾਲ ਕਿਸ ਤਰ੍ਹਾਂ ਡੀਲ ਕਰਦੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments