Home Education 12ਵੀਂ ਦੀ ਪ੍ਰੀਖਿਆ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੇ ਆਪਣੇ ਸੁਝਾਅ,...

12ਵੀਂ ਦੀ ਪ੍ਰੀਖਿਆ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੇ ਆਪਣੇ ਸੁਝਾਅ, ਪੂਰੀ ਡਿਟੇਲ ਇਥੇ ਪੜ੍ਹੋ

ਬਿਓਰੋ। ਸੈਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ(CBSE) ਦੀ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਆਪਣੇ ਸੁਝਾਅ ਕੇਂਦਰ ਸਰਕਾਰ ਨੂੰ ਭੇਜ ਦਿੱਤੇ ਗਏ ਹਨ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨੂੰ ਲਿਖੀ ਚਿੱਠੀ ‘ਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਲਿਖਿਆ, “12ਵੀਂ ਦਾ ਇਮਤਿਹਾਨ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਵੈਕਸੀਨ ਲਗਵਾਈ ਜਾਵੇ ਅਤੇ ਸਿਰਫ਼ ਜ਼ਰੂਰੀ ਵਿਸ਼ਿਆਂ ਦੇ ਹੀ ਪੇਪਰ ਲਏ ਜਾਣ।”

ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟੀਕੇ ਲਗਾਉਣ ਦੀ ਸਖ਼ਤ ਲੋੜ ਦੇ ਨਾਲ-ਨਾਲ ਉਹਨਾਂ ਦੀ ਸਿਹਤ, ਬਚਾਅ ਅਤੇ ਸੁਰੱਖਿਆ ਵੀ ਬਹੁਤ ਮਹੱਤਵਪੂਰਨ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਹਰੇਕ ਵਿਸ਼ਾ-ਖੇਤਰ ਦੇ ਸਿਰਫ਼ ਚੋਣਵੇਂ ਅਤੇ ਲੋੜ ਪੈਣ ‘ਤੇ ਹੋਰ ਜ਼ਰੂਰੀ ਵਿਸ਼ਿਆਂ ਦੀ ਪ੍ਰੀਖਿਆ ਹੀ ਲਈ ਜਾਣੀ ਚਾਹੀਦੀ ਹੈ ਅਤੇ ਪ੍ਰਸ਼ਨ ਪੱਤਰ ਵੀ ਘੱਟ ਮਿਆਦ ਦੇ ਕੀਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਅੰਦਰੂਨੀ ਮੁਲਾਂਕਣ ਵੱਲ ਵੀ ਧਿਆਨ ਦਿੱਤਾ ਜਾ ਸਕਦਾ ਹੈ।

ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰੀਖਿਆਵਾਂ ਉਦੋਂ ਤੱਕ ਨਹੀਂ ਲਈਆਂ ਜਾਣੀਆਂ ਚਾਹੀਦੀਆਂ ਜਦੋਂ ਤੱਕ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ। ਉਨ੍ਹਾਂ ਕਿਹਾ, “ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉੱਚ ਵਿਦਿਅਕ ਸੰਸਥਾਵਾਂ ਵਿਚ ਦਾਖਲਾ ਲੈਣ ਵਿਚ ਦੇਰੀ ਹੋਵਗੀ। ਲਿਹਾਜ਼ਾ ਭਾਰਤ ਸਰਕਾਰ ਨੂੰ ਵਿਦਿਆਰਥੀਆਂ ਦੇ ਸਮੇਂ ਦੀ ਘਾਟੇ ਨੂੰ ਪੂਰਾ ਕਰਨ ਲਈ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਲੋੜੀਂਦਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।”

ਸਿੰਗਲਾ ਨੇ ਕਿਹਾ, “ਉੱਚ ਸਿੱਖਿਆ ਸੰਸਥਾਵਾਂ ਨੂੰ ਕੋਰਸਾਂ ਦੇ ਸਿਲੇਬਸ ਨੂੰ ਘਟਾਉਣ ਲਈ ਕਿਹਾ ਜਾਣਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ‘ਤੇ ਮਾਨਸਿਕ ਦਬਾਅ ਵੀ ਘੱਟੇਗਾ। ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਅਗਲੇ ਕੋਰਸ ਦੇ ਸਾਰੇ ਸਮੈਸਟਰ ਦੀ ਪੜ੍ਹਾਈ ਜ਼ਰੂਰੀ ਨਾ ਕੀਤੀ ਜਾਵੇ। ਉਦਾਹਰਨ ਵਜੋਂ 8 ਸਮੈਸਟਰਾਂ ਦੇ ਕੋਰਸ ਨੂੰ ਘਟਾ ਕੇ 7 ਸਮੈਸਟਰਾਂ ਦਾ ਕੀਤਾ ਜਾ ਸਕਦਾ ਹੈ ਜੋ ਵਿਦਿਆਰਥੀਆਂ ‘ਤੇ ਮਾਨਸਿਕ ਦਬਾਅ ਘਟਾਉਣ ਵਿਚ ਸਹਾਇਕ ਹੋਵੇਗਾ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਵਿਚ ਵਧੇਰੇ ਵਿਸ਼ਵਾਸ ਨਾਲ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।”

ਕੇਂਦਰ ਨੇ ਸੂਬਿਆਂ ਤੋਂ ਮੰਗੇ ਸਨ ਸੁਝਾਅ

ਕਾਬਿਲੇਗੌਰ ਹੈ ਕਿ ਕੇਂਦਰ ਸਰਕਾਰ ਵੱਲੋਂ ਐਤਵਾਰ ਨੂੰ 12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ ਗਈ ਸੀ, ਜਿਸ ‘ਚ ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ਦੇ ਮੰਤਰੀ ਤੇ ਅਫਸਰ ਸ਼ਾਮਲ ਹੋਏ ਸਨ। ਬੇਸ਼ੱਕ ਇਸ ਮੀਟਿੰਗ ‘ਚ ਸਾਰੇ ਸੂਬਿਆਂ ਵੱਲੋਂ ਆਪੋ-ਆਪਣੇ ਸੁਝਾਅ ਪਹਿਲਾਂ ਹੀ ਦੇ ਦਿੱਤੇ ਗਏ ਸਨ, ਪਰ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਆਪਣੇ ਸੁਝਾਅ ਵਿਸਥਾਰ ‘ਚ ਭੇਜਣ ਲਈ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਇੱਕ ਜੂਨ ਨੂੰ ਮੁੜ ਹੋਵੇਗੀ ਬੈਠਕ

ਸਿੱਖਿਆ ਮੰਤਰੀ ਇੱਕ ਜੂਨ ਨੂੰ CBSE ਨਾਲ ਮੁੜ ਬੈਠਕ ਕਰਨਗੇ, ਜਿਸ ਤੋਂ ਬਾਅਦ ਇਮਤਿਹਾਨ ਦੀਆਂ ਤਾਰੀਖਾਂ ਦਾ ਐਲਾਨ ਹੋ ਸਕਦਾ ਹੈ। ਕੁਝ ਮੀ਼ਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ 12ਵੀਂ ਦੀ ਪ੍ਰੀਖਿਆ ਹੋਣੀ ਤੈਅ ਹੈ, ਬੱਸ ਇਸ ਦੀਆਂ ਤਾਰੀਖਾਂ ਅਤੇ ਫਾਰਮੈਟ ਹਾਲੇ ਤੈਅ ਨਹੀਂ ਹੈ।

ਕੋਰੋਨਾ ਦੇ ਚਲਦੇ ਟਾਲੀ ਗਈ ਸੀ ਪ੍ਰੀਖਿਆ

ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ CBSE ਦੀ 12ਵੀਂ ਦੀ ਪ੍ਰੀਖਿਆ ਟਾਲ ਦਿੱਤੀ ਗਈ ਸੀ। ਹਾਲਾਂਕਿ 10ਵੀਂ ਦੀ ਪ੍ਰੀਖਿਆ ਰੱਦ ਕਰਕੇ ਵਿਦਿਆਰਥੀਆਂ ਨੂੰ ਸਿੱਧੇ ਅਗਲੀ ਕਲਾਸ ‘ਚ ਪ੍ਰਮੋਟ ਕਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਅਤੇ ਵਧੇਰੇਤਰ ਸੂਬਾ ਸਰਕਾਰਾਂ ਇਸ ਹੱਕ ‘ਚ ਹਨ ਕਿ ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ 12ਵੀਂ ਦੀ ਪ੍ਰੀਖਿਆ ਲਈ ਜਾਣੀ ਚਾਹੀਦੀ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments