ਨਵੀਂ ਦਿੱਲੀ। ਪੰਜਾਬ ਕਾਂਗਰਸ ਦਾ ਅੰਦਰੂਨੀ ਰੱਫੜ ਸੁਲਝਾਉਣ ਲਈ ਦਿੱਲੀ ‘ਚ ਮੀਟਿੰਗਾਂ ‘ਤੇ ਮੀਟਿੰਗਾਂ ਜਾਰੀ ਹਨ। ਹਾਈਕਮਾਂਡ ਕਾਂਗਰਸ ਦੇ ਮਰਜ਼ ਦੀ ਦਵਾਈ ਲੱਭਣ ਲਈ ਦਿਨ-ਰਾਤ ਇੱਕ ਕਰ ਰਹੀ ਹੈ, ਪਰ ਮੈਰਾਥਨ ਮੰਥਨ ਦੇ ਬਾਵਜੂਦ ਫਿਲਹਾਲ ਇਹ ਬਿਮਾਰੀ ਠੀਕ ਹੁੰਦੀ ਨਜ਼ਰ ਨਹੀਂ ਆ ਰਹੀ। ਹੁਣ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਰਜ਼ ਦੀ ਦਵਾਈ ਦੱਸੀ ਹੈ।
ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਇੱਕਜੁਟਤਾ ਹੀ ਕਾਂਗਰਸ ਦੀ ਦਵਾਈ ਹੈ। ਜੇਕਰ ਕਾਂਗਰਸ ਤੱਕੜੇ ਅਤੇ ਇਕੱਠੇ ਹੋ ਕੇ ਲੜੇਗੀ, ਤਾਂ ਕੋਈ ਵੀ ਉਸਦੇ ਸਾਹਮਣੇ ਖੜ੍ਹਾ ਨਹੀਂ ਹੋ ਸਕਦਾ।
ਰਾਹੁਲ ਗਾਂਧੀ ਤੋਂ ਪੂਰੀ ਆਸ- ਜਾਖੜ
ਵਿਧਾਇਕਾਂ ਦੀ ਨਰਾਜ਼ਗੀ ‘ਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਕੁਝ ਵਿਧਾਇਕਾਂ ਨੂੰ ਸਰਕਾਰ ਤੋਂ ਨਰਾਜ਼ਗੀ ਹੈ, ਤਾਂ ਉਹ ਆਪਣੀ ਗੱਲ ਹਾਈਕਮਾਂਡ ਸਾਹਮਣੇ ਰੱਖ ਆਏ ਹਨ। ਜਾਖੜ ਨੇ ਕਿਹਾ, “ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮੈਨੂੰ ਪੂਰੀ ਆਸ ਹੈ ਕਿ ਜੋ ਵੀ ਪਰੇਸ਼ਾਨੀ ਹੈ, ਉਸਦਾ ਹੱਲ ਜ਼ਰੂਰ ਨਿਕਲੇਗਾ। ਹਾਲਾਂਕਿ ਇਸਦੇ ਲਈ ਕੋਈ ਸਮਾਂ ਹੱਦ ਤੈਅ ਨਹੀਂ ਕੀਤੀ ਜਾ ਸਕਦੀ।”
ਗਲਤ ਨੂੰ ਗਲਤ ਜ਼ਰੂਰ ਕਹਾਂਗਾ- ਜਾਖੜ
ਜਾਖੜ ਨੇ ਇਸ ਦੌਰਾਨ ਇੱਕ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀ ਗਈ ਸਰਕਾਰੀ ਨੌਕਰੀ ‘ਤੇ ਸਵਾਲ ਖੜ੍ਹੇ ਕੀਤੇ। ਜਾਖੜ ਨੇ ਇਥੋਂ ਤੱਕ ਕਿਹਾ ਕਿ ਸੀਐੱਮ ਦੇ ਕੁਝ so called ਸਲਾਹਕਾਰ ਉਹਨਾਂ ਤੋਂ ਗਲਤ ਫ਼ੈਸਲੇ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਜੋ ਗਲਤ ਹੈ, ਉਸ ਨੂੰ ਗਲਤ ਕਹਿਣ ਤੋਂ ਉਹ ਕਦੇ ਵੀ ਗੁਰੇਜ਼ ਨਹੀਂ ਕਰਨਗੇ।
ਮੇਰਾ ਅਸਤੀਫ਼ਾ ਕੋਈ ਮੁੱਦਾ ਨਹੀਂ- ਜਾਖੜ
ਮੀਡੀਆ ਵੱਲੋਂ ਜਦੋਂ ਸੁਨੀਲ ਜਾਖੜ ਨੂੰ ਉਹਨਾਂ ਦੀ ਪ੍ਰਧਾਨਗੀ ਬਾਰੇ ਸਵਾਲ ਕੀਤਾ ਗਿਆ, ਤਾਂ ਜਾਖੜ ਨੇ ਕਿਹਾ, “ਮੇਰਾ ਅਸਤੀਫ਼ਾ ਕੋਈ ਮੁੱਦਾ ਨਹੀਂ। ਜੇਕਰ ਹਾਈਕਮਾਂਡ ਵੱਲੋਂ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਹੋਵੇਗਾ, ਤਾਂ ਉਸਦੇ ਲਈ ਮੇਰੀ ਸਹਿਮਤੀ ਦੀ ਕੋਈ ਲੋੜ ਨਹੀਂ।”