September 10, 2022
(New Delhi)
ਦਿੱਲੀ ਪੁਲਿਸ ਨੇ ਲਾਰੈੰਸ ਬਿਸ਼ਨੌਈ-ਗੋਲਡੀ ਬਰਾੜ ਗੈੰਗ ਦੇ 3 ਸ਼ੂਟਰਾੰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾੰ ਦੀ ਪਛਾਣ ਨਵੀਨ, ਮਨੋਜ ਅਤੇ ਕਰਮਬੀਰ ਵਜੋੰ ਹੋਈ ਹੈ। ਪੁਲਿਸ ਨੇ ਇਹਨਾੰ ਕੋਲੋੰ 3 ਪਿਸਤੌਲਾੰ ਅਤੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਪੁਲਿਸ ਪਾਰਟੀ ‘ਤੇ ਫਾਇਰਿੰਗ
ਦਿੱਲੀ ਪੁਲਿਸ ਮੁਤਾਬਕ, ਗੈੰਗਸਟਰਾੰ ਦੇ ਟਿਕਾਣਿਆੰ ਦਾ ਪਤਾ ਲੱਗਣ ਤੋੰ ਬਾਅਦ ਜਦੋੰ ਪੁਲਿਸ ਪਾਰਟੀ ਉਹਨਾੰ ਦੀ ਗ੍ਰਿਫ਼ਤਾਰ ਕਰਨ ਪਹੁੰਚੀ ਤਾੰ ਪਹਿਲਾੰ ਉਹਨਾੰ ਨੂੰ ਸਰੰਡਰ ਕਰਨ ਦੀ ਚੇਤਾਵਨੀ ਦਿੱਤੀ ਗਈ। ਮੁਲਜ਼ਮਾੰ ਨੇ ਸਰੰਡਰ ਤਾੰ ਨਹੀੰ ਕੀਤਾ, ਉਲਟਾ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰਾੰ ਵੱਲੋੰ 3-4 ਰਾਊੰਡ ਫਾਇਰ ਕੀਤੇ ਗਏ, ਜਿਸ ਦੌਰਾਨ ਇੱਕ ਗੋਲੀ ਪੁਲਿਸ ਪਾਰਟੀ ਦੇ ਇੱਕ ਮੈੰਬਰ ਦੀ ਬੁਲੇਟਪਰੂਫ ਜੈਕੇਟ ‘ਤੇ ਵੀ ਲੱਗੀ।
ਗੋਲਡੀ ਬਰਾੜ ਦੇ ਸੰਪਰਕ ‘ਚ ਸਨ ਮੁਲਜ਼ਮ
ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਇਹ ਸਾਰੇ ਗੈੰਗਸਟਰ ਕੈਨੇਡਾ ਵਿੱਚ ਬੈਠੇ ਆਪਣੇ ਆਕਾ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿੱਚ ਸਨ। ਇਹ ਤਿੰਨੇ ਗੋਲਡੀ ਬਰਾੜ ਨਾਲ ਸਿਗਨਲ ਐਪ ਦੇ ਜ਼ਰੀਏ ਰੋਜ਼ਾਨਾ ਗੱਲਬਾਤ ਕਰਦੇ ਸਨ।
ਟਾਰਗੇਟ ਕਿਲਿੰਗ ਦੀ ਕਰ ਰਹੇ ਸਨ ਤਿਆਰੀ
ਪੁਲਿਸ ਨੇ ਇਹ ਵੀ ਦੱਸਿਆ ਕਿ ਕੈਨੇਡਾ ‘ਚ ਬੈਠਾ ਗੋਲਡੀ ਬਰਾੜ ਇਹਨਾੰ ਤਿੰਨਾ ਨੂੰ ਉਥੋੰ ਹੀ ਆਪਣੇ ਸੂਤਰਾੰ ਦੀ ਮਦਦ ਨਾਲ ਹਥਿਆਰ, ਪੈਸੇ ਅਤੇ ਪਨਾਹ ਦੇਣ ਲਈ ਮਦਦ ਕਰ ਰਿਹਾ ਸੀ। ਗੋਲਡੀ ਬਰਾੜ ਇਹਨਾੰ ਦੀ ਮਦਦ ਨਾਲ ਇੱਕ ਟਾਰਗੇਟ ਕਿਲਿੰਗ ਦੀ ਫਿਰਾਕ ‘ਚ ਸੀ। ਹਾਲਾੰਕਿ ਟਾਰਗੇਟ ਕੌਣ ਹੈ, ਇਸ ਬਾਰੇ ਇਹਨਾੰ ਨੂੰ ਵਾਰਦਾਤ ਵਾਲੇ ਦਿਨ ਹੀ ਦੱਸਿਆ ਜਾਣਾ ਸੀ।
ਪੁਲਿਸ ਮੁਤਾਬਕ, ਇਹ ਤਿੰਨੇ ਗੁਰੂਗ੍ਰਾਮ ਦੇ Jharsa ਵਿੱਚ ਇੱਕ ਸ਼ਰਾਬ ਦੀ ਦੁਕਾਨ ‘ਤੇ ਹਥਿਆਰਬੰਦ ਲੁੱਟ ਦੇ ਮਾਮਲੇ ‘ਚ ਵੀ ਲੋੜੀੰਦੇ ਸਨ।