ਅੰਮ੍ਰਿਤਸਰ। ਗੁਰੂ ਨਗਰੀ ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖਤ ਸਾਹਿਬ ਨੇੜੇ ਜੋੜਾ ਘਰ ਲਈ ਚੱਲ ਰਹੀ ਖੁਦਾਈ ਦੌਰਾਨ ਇੱਕ ਸੁਰੰਗ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸੁਰੰਗ ਸਦੀਆਂ ਪੁਰਾਣੀ ਹੋ ਸਕਦੀ ਹੈ। ਹਾਲਾਂਕਿ ਹਾਲੇ ਇਹ ਸਾਫ ਨਹੀਂ ਕਿ ਅਸਲ ‘ਚ ਇਹ ਸੁਰੰਗ ਹੀ ਹੈ..ਜਾਂ ਕੋਈ ਇਤਿਹਾਸਕ ਇਮਾਰਤ ਹੈ, ਕਿਉਂਕਿ ਇਸ ‘ਚ ਦਰਵਾਜ਼ਾ ਵੀ ਵੇਖਿਆ ਗਿਆ ਹੈ। ਫਿਲਹਾਲ SGPC ਨੇ ਖੁਦਾਈ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ।
🔴 LIVE | ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਮਿਲੀ ਸੁਰੰਗ ਦਾ ਅਸਲ ਸੱਚ ਕੀ?
What is the truth of tunnel found near Sri Akal Takht Sahib?https://t.co/H63KDZ4hBH— Shiromani Gurdwara Parbandhak Committee (SGPC) (@SGPCAmritsar) July 15, 2021
SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਮੇਟੀ ਨੇ ਪ੍ਰਸ਼ਾਸਨ ਅਤੇ ਪੁਰਾਤੱਤਵ ਵਿਭਾਗ ਨੂੰ ਇਸਦੀ ਜਾਂਚ ਕਰਵਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਜੇਕਰ ਵਾਕਈ ਇਸਦਾ ਇਤਿਹਾਸ ਨਾਲ ਕੋਈ ਸਰੋਕਾਰ ਮਿਲਦਾ ਹੈ, ਤਾਂ SGPC ਇਸਦੀ ਪੂਰੀ ਸੰਭਾਲ ਕਰੇਗੀ। ਉਹਨਾਂ ਨੇ ਇਤਿਹਾਸਕਾਰਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਇਸਦੀ ਜਾਣਕਾਰੀ ਹੈ, ਤਾਂ ਉਹ ਇਥੇ ਆ ਕੇ ਕਮੇਟੀ ਦੀ ਮਦਦ ਕਰਨ।
ਸੁੰਰਗ ਮਾਮਲਾ ਇਮਾਰਤ ਇਤਿਹਾਸਕ ਹੋਈ! ਤਾਂ ਸੰਭਾਲ ਕੇ ਰੱਖਾਂਗੇ: ਸ਼੍ਰੋਮਣੀ ਗੁ: ਪ੍ਰ: ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਜੀ
Tunnel issue: If building is historic! will be preserved: #SGPC President @bibijagirkaur pic.twitter.com/tEppleKXbW— Shiromani Gurdwara Parbandhak Committee (SGPC) (@SGPCAmritsar) July 15, 2021
ਸੁਰੰਗ ਨੂੰ ਲੈ ਕੇ ਵਿਵਾਦ
ਸਿੱਖ ਸਦਭਾਵਨਾ ਦਲ ਦੇ ਮੁਖੀ ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਸਾਬਕਾ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਸੁਰੰਗ ਮਿਲਣ ਦੀ ਸੂਚਨਾ ਮਿਲਦੇ ਹੀ ਸਮਰਥਕਾਂ ਨਾਲ ਮੌਕੇ ‘ਤੇ ਪਹੁੰਚ ਗਏ। ਭਾਈ ਵਡਾਲਾ ਨੇ ਕਿਹਾ ਕਿ ਇਹ ਸੁਰੰਗ ਇਤਿਹਾਸਕ ਅਤੇ ਗੁਰੂ ਸਾਹਿਬ ਨਾਲ ਸਬੰਧਤ ਲੱਗ ਲਹੀ ਹੈ। ਇਸ ਲਈ ਇਸ ਸੁਰੰਗ ਦੀ ਆਰਕਿਓਲੌਜੀ ਸਰਵੇ ਆਫ ਇੰਡੀਆ ਦੀ ਟੀਮ ਦੀ ਮਦਦ ਨਾਲ ਖੁਦਾਈ ਕਰਵਾ ਕੇ ਇਸਦੀ ਪ੍ਰਮਾਣਿਕਤਾ ਸੰਗਤ ਨੂੰ ਦੱਸੀ ਜਾਵੇ। ਉਹਨਾਂ ਨੇ ਇਲਜ਼ਾਮ ਲਾਇਆ ਕਿ SGPC ਅਤੇ ਕਾਰ ਸੇਵਾ ਵਾਲੇ ਬਾਬਿਆਂ ਦੇ ਸਮਰਥਕਾਂ ਨੇ ਇਸ ਸੁਰੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਈ ਵਡਾਲਾ ਦੇ ਸਮਰਥਕਾਂ ਅਤੇ SGPC ਦੀ ਟਾਸਕ ਫੋਰਸ ਵਿਚਾਲੇ ਝਗੜੇ ਦੀ ਨੌਬਤ ਵੀ ਆ ਗਈ। ਬਾਅਦ ‘ਚ ਮੌਕੇ ‘ਤੇ ਪਹੁੰਚੇ SDM ਨੇ ਵਿੱਚ ਪੈ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।
ਸੁਰੰਗ ਦੀ ਸੱਚਾਈ ਦਾ ਪਤਾ ਲਗਾਵਾਂਗੇ- ਪ੍ਰਸ਼ਾਸਨ
ਮੌਕੇ ‘ਤੇ ਭਾਰੀ ਪੁਲਿਸ ਬਲ ਨਾਲ ਪਹੁੰਚੇ SDM ਵਿਕਾਸ ਹੀਰਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਗਲੇ ਹੁਕਮਾਂ ਤੱਕ ਇਥੇ ਹਰ ਤਰ੍ਹਾਂ ਦੇ ਨਿਰਮਾਣ ਕਾਰਜਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਤ ਕਿਸੇ ਵੀ ਤਰ੍ਹਾਂ ਨਾਲ ਖਰਾਬ ਨਾ ਹੋਣ, ਇਸਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸ ਲਈ ਸੁਰੱਖਿਆ ਕਰਮੀ ਵੀ ਤੈਨਾਤ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸੰਗਤ ਦੀ ਮੰਗ ਨੂੰ ਮੁੱਖ ਰਖਦਿਆਂ ਪ੍ਰਸ਼ਾਸਨ ਵੱਲੋਂ ਜ਼ਮੀਨ ਦੇ ਹੇਠਾਂ ਮਿਲੀ ਸੁਰੰਗ ਦੀ ਸੱਚਾਈ ਦਾ ਪਤਾ ਲਗਾਇਆ ਜਾਵੇਗਾ।