ਮੁੰਬਈ। ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਟੀਵੀ ਦੀ ਮਸ਼ਹੂਰ ‘ਦਾਦੀ ਸਾ’ ਯਾਨੀ ਸੁਰੇਖਾ ਸੀਕਰੀ ਹੁਣ ਹਮੇਸ਼ਾ ਲਈ ਖਾਮੋਸ਼ ਹੋ ਗਏ ਹਨ। ਸੁਰੇਖਾ ਸੀਕਰੀ ਦਾ 75 ਸਾਲ ਦੀ ਉਮਰ ‘ਚ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। 2018 ਵਿੱਚ ਉਹ ਲਕਵੇ ਦਾ ਸ਼ਿਕਾਰ ਹੋਏ ਸਨ ਅਤੇ 2020 ‘ਚ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ।
ਬਾਲਿਕਾ ਵਧੂ ਨਾਲ ਘਰ-ਘਰ ਹੋਏ ਮਸ਼ਹੂਰ
ਸੁਰੇਖਾ ਸੀਕਰੀ ਨੂੰ ਜ਼ਿਆਦਾਤਰ ਫੇਮ ਦਾਦੀ ਦੇ ਕਿਰਦਾਰਾਂ ਨਾਲ ਮਿਲਿਆ। ਪੌਪੁਲਰ ਸ਼ੋਅ ਬਾਲਿਕਾ ਵਧੂ ‘ਚ ਸੁਰੇਖਾ ਸੀਕਰੀ ਵੱਲੋਂ ਨਿਭਾਏ ‘ਦਾਦੀ ਸਾ’ ਦੇ ਰੋਲ ਨੂੰ ਖੂਬ ਪਸੰਦ ਕੀਤਾ ਗਿਆ। ਇਹ ਸੀਰੀਅਲ 2008 ਤੋਂ 2016 ਤੱਕ ‘ਆਨ ਏਅਰ’ ਰਿਹਾ। ਇਸ ਤੋਂ ਇਲਾਵਾ ਉਹਨਾਂ ਨੇ ‘ਪਰਦੇਸ ਮੇਂ ਹੈ ਮੇਰਾ ਦਿਲ, CID, ਸਾਤ ਫੇਰੇ, ਬਣੇਗੀ ਆਪਣੀ ਬਾਤ’ ਵਰਗੇ ਕਈ ਸੀਰੀਅਲਾਂ ‘ਚ ਦਾਦੀ ਦੇ ਯਾਦਗਾਰ ਰੋਲਜ਼ ਨਿਭਾਏ।
ਫਿਲਮੀ ਪਰਦੇ ‘ਤੇ ਵੀ ਵਿਖਿਆ ਜਲਵਾ
ਸੁਰੇਖਾ ਸੀਕਰੀ ਨੇ ‘ਕਿੱਸਾ ਕੁਰਸੀ ਕਾ’ ਤੋਂ 1978 ‘ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਤਮਸ(1986), ਲਿਟਿਲ ਬੁੱਧਾ(1993), Mammo(1994), ਨਸੀਮ(1995), ਸਰਫਰੋਸ਼, ਦਿਲਲਗੀ(1999), ਜੁਬੈਦਾ(2001), ਤੁਮ ਸਾ ਨਹੀਂ ਦੇਖਾ(2004), ਦੇਵ-ਡੀ(2009), ਹਮਕੋ ਦੀਵਾਨਾ ਕਰ ਗਏ(2006) ਅਤੇ ਬਧਾਈ ਹੋ(2018) ਵਰਗੀਆਂ ਬਹੁਤ ਸਾਰੀਆਂ ਫਿਲਮਾਂ ‘ਚ ਸ਼ਾਨਦਾਰ ਅਦਾਕਾਰੀ ਕੀਤੀ। ਆਖਰੀ ਵਾਰ ਸੁਰੇਖਾ ਸੀਕਰੀ ਨੂੰ Netflix ‘ਤੇ ਰਿਲੀਜ਼ ਹੋਈ ਫ਼ਿਲਮ Ghost stories ‘ਚ ਵੇਖਿਆ ਗਿਆ ਸੀ।
ਤਿੰਨ ਵਾਰ ਮਿਲਿਆ ਨੈਸ਼ਨਲ ਐਵਾਰਡ
ਸੁਰੇਖਾ ਸੀਕਰੀ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਨਾਲ ਨਵਾਜ਼ਿਆ ਗਿਆ ਸੀ। ਉਹਨਾਂ ਨੂੰ ਫ਼ਿਲਮ ਤਮਸ 1988, Mammo(1995) ਅਤੇ ਬਧਾਈ ਹੋ(2018) ਲਈ Best Supporting Actress ਦਾ ਨੈਸ਼ਨਲ ਐਵਾਰਡ ਦਿੱਤਾ ਗਿਆ ਸੀ।
ਯੂਪੀ ਤੋਂ ਮੁੰਬਈ ਤੱਕ ਦਾ ਸਫ਼ਰ
ਸੁਰੇਖਾ ਸੀਕਰੀ ਦਾ ਜਨਮ ਉੱਤਰ ਪ੍ਰਦੇਸ਼ ‘ਚ ਹੋਇਆ ਸੀ। ਉਹਨਾਂ ਨੇ ਆਪਣਾ ਬਚਪਨ ਅਲਮੋਰਾ ਅਤੇ ਨੈਨੀਤਾਲ ‘ਚ ਬਿਤਾਇਆ। ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ‘ਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਦਿੱਲੀ ‘ਚ National School of Drama ਜੁਆਇਨ ਕੀਤਾ। ਸੁਰੇਖਾ ਨੂੰ 1989 ‘ਚ ਸੰਗੀਤ ਨਾਟਕ ਅਕੈਡਮੀ ਐਵਾਰਡ ਵੀ ਮਿਲਿਆ।
ਸੁਰੇਖਾ ਸੀਕਰੀ ਦੇ ਪਿਤਾ ਏਅਰਫੋਰਸ ‘ਚ ਸਨ ਅਤੇ ਉਹਨਾਂ ਦੀ ਮਾਂ ਟੀਚਰ ਸਨ। ਉਹਨਾਂ ਦਾ ਵਿਆਹ Hemant Rege ਨਾਲ ਹੋਇਆ ਸੀ, ਜਿਸ ਤੋਂ ਉਹਨਾਂ ਦਾ ਇੱਕ ਬੇਟਾ ਰਾਹੁਲ ਸੀਕਰੀ ਬੈ। ਰਾਹੁਲ ਸੀਕਰੀ ਮੁੰਬਈ ‘ਚ ਹੈ ਅਤੇ ਆਰਟਿਸਟ ਹੈ। ਅਦਾਕਾਰ ਨਸੀਰੁੱਦੀਨ ਸ਼ਾਹ ਰਿਸ਼ਤੇ ‘ਚ ਸੁਰੇਖਾ ਸੀਕਰੀ ਦੇ ਭਣੇਵੇਂ ਲਗਦੇ ਹਨ।