ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਭਾਰੀ ਤਬਾਹੀ ਦਾ ਮੰਜ਼ਰ ਪਰੇਸ਼ਾਨ ਕਰ ਦੇਣ ਵਾਲਾ ਹੈ। ਦੇਸ਼ ਭਰ ਦੀਆਂ ਸਿਆਸੀ ਹਸਤੀਆਂ ਨੇ ਇਸ ਹਾਦਸੇ ‘ਤੇ ਦੁੱਖ ਜਤਾਇਆ ਹੈ। ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਹਰ ਕੋਈ ਸਦਮੇ ‘ਚ ਹੈ ਅਤੇ ਲੋਕਾਂ ਦੀ ਸਲਾਮਤੀ ਦੀ ਦੁਆ ਮੰਗ ਰਿਹਾ ਹੈ।
ਹਾਦਸੇ ‘ਤੇ ਦੁੱਖ ਜਤਾਉਂਦਿਆੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ, “ਉੱਤਰਾਖੰਡ ਦੇ ਜੋਸ਼ੀਮਠ ਨੇੜੇ ਗਲੇਸ਼ੀਅਰ ਟੁੱਟਣ ਕਾਰਨ ਉਸ ਇਲਾਕੇ ‘ਚ ਹੋਏ ਭਾਰੀ ਨੁਕਸਾਨ ਦੀਆਂ ਖ਼ਬਰਾਂ ਨਾਲ ਬੇਹੱਦ ਚਿੰਤਾ ਹੋਈ ਹੈ। ਮੈਂ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਪੂਰੀ ਤਿਆਰੀ ਨਾਲ ਚਲਾਏ ਜਾ ਰਹੇ ਹਨ।”
ਓਧਰ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਪੂਰੇ ਹਾਲਾਤ ‘ਤੇ ਨਜ਼ਰ ਬਣਾਈ ਹੋਈ ਹੈ। ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ਲਈ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਮੈੰ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, NDRF ਦੇ ਅਫ਼ਸਰਾਂ ਦੇ ਲਗਾਤਾਰ ਸੰਪਰਕ ‘ਚ ਹਾਂ। ਉਥੇ ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ।” ਉਹਨਾਂ ਕਿਹਾ, “ਅੱਜ ਅਸੀਂ ਮਾਂ ਗੰਗਾ ਦੇ ਇੱਕ ਕਿਨਾਰੇ ‘ਤੇ ਹਾਂ, ਪਰ ਜੋ ਮਾਂ ਗੰਗਾ ਦਾ ਉਦਗਮ ਸਥਲ ਹੈ, ਉਹ ਸੂਬਾ ਉੱਤਰਾਖੰਡ ਇਸ ਵੇਲੇ ਆਫਤ ਦਾ ਸਾਹਮਣਾ ਕਰ ਰਿਹਾ ਹੈ। ਇੱਕ ਗਲੇਸ਼ੀਅਰ ਟੁੱਟਣ ਕਾਰਨ ਉਥੇ ਨਦੀ ‘ਚ ਪਾਣੀ ਦਾ ਪੱਧਰ ਵਧ ਗਿਆ ਹੈ, ਨੁਕਸਾਨ ਦੀ ਖ਼ਬਰ ਹੈ। ਉੱਤਰਾਖੰਡ ‘ਚ ਅਜਿਹੇ ਪਰਿਵਾਰ ਮੁਸ਼ਕਿਲ ਨਾਲ ਮਿਲਦੇ ਹਨ, ਜਿਹਨਾਂ ਦਾ ਕੋਈ ਨਾਲ ਕੋਈ ਮੈਂਬਰ ਫ਼ੌਜ ‘ਚ ਨਾ ਹੋਵੇ। ਯਾਨੀ ਉਥੋਂ ਦੇ ਲੋਕਾਂ ਦਾ ਹੌਂਸਲਾ, ਕਿਸੇ ਵੀ ਆਫ਼ਤ ਨੂੰ ਮਾਤ ਦੇ ਸਕਦਾ ਹੈ। ਉੱਤਰਾਖੰਡ ਦੇ ਹਿੰਮਤੀ ਲੋਕਾਂ ਲਈ ਮੈਂ ਪ੍ਰਾਰਥਨਾ ਕਰ ਰਿਹਾ ਹਾਂ, ਬੰਗਾਲ ਪ੍ਰਾਰਥਨਾ ਕਰ ਰਿਹਾ ਹੈ, ਦੇਸ਼ ਪ੍ਰਾਰਥਨਾ ਕਰ ਰਿਹਾ ਹੈ।”
