ਉੱਤਰਾਖੰਡ ਨੂੰ ਇੱਕ ਵਾਰ ਫਿਰ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪਿਆ। ਐਤਵਾਰ ਸਵੇਰੇ ਚਮੋਲੀ ਜ਼ਿਲ੍ਹੇ ਦੇ ਤਪੋਵਨ ‘ਚ ਗਲੇਸ਼ੀਅਰ ਟੁੱਟਣ ਕਰਕੇ ਭਾਰੀ ਤਬਾਹੀ ਦਾ ਮੰਜ਼ਰ ਬਣ ਗਿਆ। ਗਲੇਸ਼ੀਅਰ ਟੁੱਟਣ ਦੇ ਚਲਦੇ ਕਈ ਨਦੀਆੰ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਹੁਣ ਤੱਕ 10 ਲੋਕਾਂ ਦੀ ਮੌਤ ਦੀ ਖ਼ਬਰ ਹੈ, ਜਦਕਿ 150 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਘਟਨਾ ਸਵੇਰੇ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ। ਗਲੇਸ਼ੀਅਰ ਟੁੱਟਣ ਦੇ ਚਲਦੇ ਧੌਲੀ ਨਦੀ ਨੇ ਵਿਕਰਾਲ ਰੂਪ ਲੈ ਲਿਆ। ਵੇਖਦੇ ਹੀ ਵੇਖਦੇ ਨਦੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ। ਰਿਸ਼ੀਗੰਗਾ ਪਾਵਰ ਪ੍ਰੋਜੈਕਟ ਸਾਈਟ ਤੱਕ ਪਹੁੰਚਦੇ-ਪਹੁੰਚਦੇ ਨਦੀ ਇੰਨੀ ਵਿਕਰਾਲ ਹੋ ਗਈ ਕਿ ਉਸਨੇ ਪੂਰੇ ਬੰਨ੍ਹ ਨੂੰ ਹੀ ਵਹਾ ਦਿੱਤਾ। ਮੌਕੇ ‘ਤੇ ਮੌਜੂਦ ਤਮਾਾਮ ਮਸ਼ੀਨਰੀ ਅਤੇ ਲੋਕ ਇਸਦੀ ਚਪੇਟ ‘ਚ ਆ ਗਏ।
ਤਪੋਵਨ ‘ਚ ਇੱਕ ਪ੍ਰਾਈਵੇਟ ਪਾਵਰ ਕੰਪਨੀ ਦੇ ਰਿਸ਼ੀਗੰਗਾ ਹਾਈਡਰੋ ਪਾਵਰ ਪ੍ਰੋਜੈਕਟ ਅਤੇ ਸਰਕਾਰੀ ਕੰਪਨੀ NTPC ਦੇ ਪ੍ਰੋਜੈਕਟ ‘ਤੇ ਕੰਮ ਚੱਲ ਰਿਹਾ ਹੈ। ਆਫਤ ਕਾਰਨ ਸਭ ਤੋਂ ਵੱਧ ਨੁਕਸਾਨ ਇਥੇ ਹੀ ਹੋਇਆ ਹੈ। ਰਿਸ਼ੀਗੰਗਾ ਪ੍ਰੋਜੈਕਟ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ। ਨਾਲ ਹੀ NTPC ਪ੍ਰੋਜੈਕਟ ‘ਤੇ ਕਰੀਬ 150 ਮਜ਼ਦੂਰਾਂ ਦੀ ਜਾਨ ਚਲੇ ਜਾਣ ਦਾ ਖਦਸ਼ਾ ਹੈ। ਇਹਨਾਂ ‘ਚ ਸੁਰੰਗ ‘ਚ ਫਸੇ 50 ਵਰਕਰ ਵੀ ਸ਼ਾਮਲ ਹਨ।
ਫਿਲਹਾਲ ਰਾਹਤ ਦੀ ਗੱਲ ਹੈ ਕਿ ਪੀਪਲ ਕੋਟੀ ਤੋਂ ਚਮੌਲੀ ਵਿਚਾਲੇ ਅਲਕਨੰਦਾ ਨਦੀ ‘ਚ ਪਾਣੀ ਦਾ ਪੱਧਰ ਤਾਂ ਵਧਿਆ, ਪਰ ਨਦੀ ਚੌੜੀ ਹੋਣ ਕਰਕੇ ਵਹਾਅ ਆਮ ਵਾਂਗ ਹੋ ਗਿਆ ਹੈ। ਰਾਹਤ ਤੇ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆੰ ਹਨ।