ਬਿਓਰੋ। ਪੰਜਾਬ ‘ਚ ਕਾਂਗਰਸ ਦੇ 2 ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪੁਲਿਸ ‘ਚ ਇੰਸਪੈਕਟਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕ ਰਾਕੇਸ਼ ਪਾਂਡੇ ਦੇ ਬੇਟੇ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ ਗਈ ਹੈ।
ਦਰਅਸਲ, ਸਰਕਾਰ ਵੱਲੋਂ ਇਹ ਨੌਕਰੀਆਂ ਤਰਸ ਦੇ ਅਧਾਰ ‘ਤੇ ਦਿੱਤੀਆਂ ਗਈਆਂ ਹਨ। ਦੋਵੇਂ ਕਾਂਗਰਸੀ ਵਿਧਾਇਕਾਂ ਦੇ ਪਿਤਾ 1987 ‘ਚ ਦਹਿਸ਼ਤਗਰਦੀ ਹਮਲਿਆਂ ਦੌਰਾਨ ਮਾਰੇ ਗਏ ਸਨ। ਘਟਨਾ ਦੇ 24 ਸਾਲਾਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਗਈ ਹੈ।
ਸੱਤਾ ‘ਚ ਆਉਣ ‘ਤੇ ਰੱਦ ਕਰਾਂਗੇ ਭਰਤੀਆਂ- ਸੁਖਬੀਰ
ਪੰਜਾਬ ਸਰਕਾਰ ਦੇ ਇਸ ਫ਼ੈਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ, “ਅਸੀਂ ਗੁਣਵਾਨ ਨੌਜਵਾਨਾਂ ਨਾਲ ਅਨਿਆਂ ਨਹੀਂ ਹੋਣ ਦੇਵਾਂਗੇ। 2022 ‘ਚ SAD-BSP ਦੀ ਸਰਕਾਰ ਆਉਣ ‘ਤੇ ਇਹ ਭਰਤੀਆਂ ਰੱਦ ਕੀਤੀਆਂ ਜਾਣਗੀਆਂ।” ਉਹਨਾਂ ਕਿਹਾ ਕਿ ਦਾਦਿਆਂ ਵੱਲੋਂ ਕੀਤੇ ਬਲਿਦਾਨਾਂ ਦੇ ਅਧਾਰ ‘ਤੇ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦੇਣਾ ਗੈਰ-ਕਾਨੂੰਨੀ ਹੈ। ਉਹਨਾਂ ਪੁੱਛਿਆ, “ਹਮਦਰਦੀ ਦੇ ਅਧਾਰ ‘ਤੇ ਨੌਕਰੀਆਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ, ਜਦਕਿ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ‘ਚੋਂ ਇੱਕ ਸ਼ਖਸ ਨੂੰ ਵੀ ਨੌਕਰੀ ਨਹੀਂ ਦਿੱਤੀ ਗਈ। ਇਹ ‘ਕੇਵਲ ਕਾਂਗਰਸ ਘਰ ਨੌਕਰੀ’ ਸਕੀਮ ਹੈ।”
It’s illegal to give jobs to wards of MLAs in lieu of “sacrifices” made by their grand fathers. How can jobs be given on compassionate grounds to the well-to-do when not a single job has been given to any suicide victim farmer family. This is ‘kewal Congress ghar naukari’ scheme.
— Sukhbir Singh Badal (@officeofssbadal) June 18, 2021
ਬੇਅੰਤ ਸਿੰਘ ਦੇ ਪੋਤੇ ਨੂੰ ਵੀ ਮਿਲ ਚੁੱਕੀ ਹੈ ਨੌਕਰੀ
ਦੱਸ ਦਈਏ ਕਿ ਵਿਧਾਇਕ ਫਤਿਹਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਤੋਂ ਪਹਿਲਾਂ ਸਾਬਕਾ ਸੀਐੱਮ ਬੇਅੰਤ ਸਿੰਘ ਦੇ ਪੋਤੇ ਨੂੰ ਵੀ ਕੈਪਟਨ ਸਰਕਾਰ ਪੰਜਾਬ ਪੁਲਿਸ ‘ਚ ਨੌਕਰੀ ਦੇ ਚੁੱਕੀ ਹੈ। ਬੇਅੰਤ ਸਿੰਘ ਦੇ ਪੋਤੇ ਨੂੰ DSP ਲਾਇਆ ਗਿਆ ਸੀ। ਉਸ ਵੇਲੇ ਵੀ ਸਰਕਾਰ ਦੇ ਫ਼ੈਸਲੇ ‘ਤੇ ਖੂਬ ਬਵਾਲ ਹੋਇਆ ਸੀ।