ਬਿਓਰੋ। ਨੌਵੀਂ ਪਾਤਸ਼ਾਹੀ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ ਦੀ ਸਿੱਖ ਸੰਗਤ ‘ਚ ਖਾਸਾ ਉਤਸ਼ਾਹ ਹੈ। ਦੇਸ਼-ਵਿਦੇਸ਼ ‘ਚ ਗੁਰਦੁਆਰਾ ਸਾਹਿਬਾਨ ‘ਚ ਖਾਸ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਗੁਰਦੁਆਰਿਆਂ ‘ਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਕੁਝ ਤਸਵੀਰਾਂ ਜ਼ਰੀਏ ਤੁਹਾਨੂੰ ਵਿਖਾਉਂਦੇ ਹਾਂ ਗੁਰਦੁਆਰਿਆਂ ‘ਚ ਉਮੜੀ ਆਸਥਾ ਦੇ ਰੰਗ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਖਾਸ ਮੌਕੇ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਏ। ਸੁਰੱਖਿਆ ਅਮਲੇ ਤੋਂ ਬਿਨ੍ਹਾਂ ਅਚਨਚੇਤ ਹੀ ਮੋਦੀ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਗੁਰੂ ਚਰਨਾਂ ‘ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਦਿੱਲੀ ‘ਚ ਇਸੇ ਥਾਂ ‘ਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸੀ, ਜਿਸਦੀ ਯਾਦ ‘ਚ ਇਥੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਘਰ ‘ਚ ਹੀ ਅਰਦਾਸ ਕੀਤੀ ਗਈ। ਦਰਅਸਲ, ਕੋਰੋਨਾ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਰਚੁਅਲ ਤਰੀਕੇ ਨਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਚਲਦੇ ਕੈਪਟਨ ਆਪਣੇ ਘਰ ਤੋਂ ਹੀ ਸੰਗਤ ਨਾਲ ਅਰਦਾਸ ‘ਚ ਸ਼ਾਮਲ ਹੋਏ।
ਅੰਮ੍ਰਿਤਸਰ ‘ਚ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਸੰਗਤ ਨੇ ਗੁਰੂ ਘਰ ‘ਚ ਹਾਜ਼ਰੀ ਭਰੀ। ਹਾਲਾਂਕਿ ਕੋਰੋਨਾ ਦੇ ਚਲਦੇ ਸੰਗਤ ਦੀ ਗਿਣਤੀ ਪਹਿਲਾਂ ਨਾਲੋਂ ਬੇਹੱਦ ਘੱਟ ਨਜ਼ਰ ਆਈ। (ਧੰ. ANI)
ਸੰਗਤ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਇਸ਼ਨਾਨ ਵੀ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। (ਧੰ. ANI)
ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਵੀ ਸੰਗਤ ਗੁਰੂ ਚਰਨਾਂ ‘ਚ ਨਤਮਸਤਕ ਹੋਈ। (ਧਂ. ANI)