Home Election 3 ਦਿਨ ਦੀ ਚੁੱਪੀ ਤੋਂ ਬਾਅਦ ਕੈਪਟਨ 'ਤੇ ਫਿਰ ਵਰ੍ਹੇ ਸਿੱਧੂ, ਬੋਲੇ-...

3 ਦਿਨ ਦੀ ਚੁੱਪੀ ਤੋਂ ਬਾਅਦ ਕੈਪਟਨ ‘ਤੇ ਫਿਰ ਵਰ੍ਹੇ ਸਿੱਧੂ, ਬੋਲੇ- “ਪੱਲੇ ਕੁਝ ਨਾ ਹੋਵੇ, ਤਾਂ ਸ਼ੇਖੀ ਨਹੀਂ ਮਾਰਨੀ ਚਾਹੀਦੀ”

ਨਿਊਜ਼ ਡੈਸਕ। ਪੰਜਾਬ ਦੀ ਸਿਆਸਤ ਖਾਸਕਰ ਕਾਂਗਰਸ ਪਾਰਟੀ ‘ਚ ਪਿਛਲੇ ਕੁਝ ਦਿਨਾਂ ਤੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਲਗਾਤਾਰ ਮੁੱਖ ਮੰਤਰੀ ‘ਤੇ ਹਮਲੇ ਬੋਲਣ ਤੋਂ ਬਾਅਦ ਜਦੋਂ ਸੀਐੱਮ ਨੇ ਚੁੱਪੀ ਤੋੜੀ, ਤਾਂ ਸਿੱਧੂ ਖਿਲਾਫ਼ ਬਹੁਤ ਕੁਝ ਬੋਲ ਗਏ। ਕੈਪਟਨ ਨੇ ਇੱਕ ਤੋਂ ਬਾਅਦ ਇੱਕ 2 ਇੰਟਰਵਿਊ ‘ਚ ਸਿੱਧੂ ਬਾਰੇ ਉਹ ਸਭ ਗੱਲਾਂ ਕਹਿ ਦਿੱਤੀਆਂ, ਜੋ ਸਿਆਸੀ ਬਜ਼ਾਰ ‘ਚ ਚੱਲ ਰਹੀਆਂ ਕਿਆਸਰਾਈਆਂ ਨੂੰ ਹਵਾ ਦੇਣ ਲਈ ਕਾਫ਼ੀ ਸਨ।

ਸੀਐੱਮ ਕੈਪਟਨ ਦੇ ਪਹਿਲੇ ਇੰਟਰਵਿਊ ਤੋਂ ਬਾਅਦ ਸਿੱਧੂ ਨੇ ਉਹਨਾਂ ਦੀ ਅਗਵਾਈ ‘ਤੇ ਸਵਾਲ ਚੁੱਕਣ ਨੂੰ ਬਿਲਕੁੱਲ ਵੀ ਦੇਰ ਨਹੀਂ ਲਗਾਈ, ਪਰ ਪਿਛਲੇ 3 ਦਿਨਾਂ ਤੋਂ ਸਿੱਧੂ ਟਵਿਟਰ ਤੋਂ ਨਦਾਰਦ ਸਨ। ਇਹ ਵੀ ਪੜ੍ਹੋ:- ਕੈਪਟਨ ਦੀ ਅਗਵਾਈ ‘ਤੇ ਸਵਾਲ, ਕੀ ਸਿੱਧੂ ਨੂੰ ਹੋਵੇਗਾ ਇਸਦਾ ‘ਮਲਾਲ’?

ਸ਼ਨੀਵਾਰ ਨੂੰ ਜਦੋਂ 3 ਦਿਨਾਂ ਬਾਅਦ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ, ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਉਸ ਇੰਟਰਵਿਊ ਨੂੰ ਸਮਰਪਿਤ ਸੀ, ਜਿਸ ‘ਚ ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ‘ਚ ਕਿਹਾ ਸੀ ਕਿ ਸਿੱਧੂ ਲਈ ਉਹਨਾਂ ਦੇ ਦਰਵਾਜ਼ੇ ਹੁਣ ਬੰਦ ਹਨ। ਹਾਲਾਂਕਿ ਸਿੱਧੂ ਉਸ ‘ਤੇ ਤਾਂ ਕੁਝ ਨਹੀਂ ਬੋਲੇ, ਪਰ ਬੇਅਦਬੀ ਅਤੇ ਗੋਲੀ ਕਾਂਡ ਬਾਰੇ ਕੈਪਟਨ ਦੇ ਬਿਆਨ ਨੂੰ ਲੈ ਕੇ ਸਿੱਧੂ ਨੇ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਕੀਤਾ ਆਪਣਾ ਵਾਅਦਾ ਯਾਦ ਦੁਆ ਦਿੱਤਾ।

ਟਵਿਟਰ ‘ਤੇ ਕੈਪਟਨ ਦੀ ਵੀਡੀਓ ਸ਼ੇਅਰ ਕਰਦਿਆਂ ਸਿੱਧੂ ਨੇ ਲਿਖਿਆ, “ਸ਼ੇਖੀ ਮਾਰੀ, ਪਰ ਪੱਲੇ ਕੁਝ ਨਹੀਂ..ਦਹਾੜ ਮਾਰੀ, ਪਰ ਕੀਤਾ ਕੁਝ ਨਹੀਂ।”

ਇਸਦੇ ਨਾਲ ਹੀ ਨਵਜੋਤ ਸਿੱਧੂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਉਸ ਪ੍ਰੈੱਸ ਕਾਨਫ਼ਰੰਸ ਦੀ ਵੀਡੀਓ ਵੀ ਸਾਂਝੀ ਕੀਤੀ, ਜਿਸ ‘ਚ ਦੋਵੇਂ ਆਗੂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਾਦਲਾਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।

ਕਾਂਗਰਸ ਅੰਦਰ ਇਸ ਪੱਧਰ ‘ਤੇ ਚੱਲ ਰਹੀ ਬਿਆਨਬਾਜ਼ੀ ਦਾ ਅੰਜਾਮ ਕੀ ਹੋਵੇਗਾ। ਕੀ ਸਿੱਧੂ ਇਹਨਾਂ ਬਿਆਨਬਾਜ਼ੀਆਂ ਦੇ ਬਾਵਜੂਦ ਪਾਰਟੀ ‘ਚ ਬਣੇ ਰਹਿਣਗੇ ਜਾਂ ਬਾਹਰ ਨਿਕਲ ਕੇ ਆਪਣਾ ਰਸਤਾ ਖੁਦ ਤੈਅ ਕਰਨਗੇ। ਇਸ ਸਵਾਲ ਦਾ ਜਵਾਬ ਜਾਣਨ ਲਈ ਸੂਬੇ ਦੀ ਜਨਤਾ ਬੇਤਾਬ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments