ਭੁਲੱਥ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬਿਗੁਲ ਵਜਾਉਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ-ਇੱਕ ਕਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਸ਼ੁਰੂ ਕਰ ਦਿੱਤਾ ਗਿਆ। ‘ਪੰਜਾਬ ਮੰਗਦਾ ਜੁਆਬ’ ਰੈਲੀਆਂ ਦੀ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਜੇ ਤੱਕ ਜਿਸ-ਜਿਸ ਹਲਕੇ ‘ਚ ਰੈਲੀ ਕੀਤੀ, ਉਸ ਹਲਕੇ ‘ਚ ਉਮੀਦਵਾਰਾਂ ਦੇ ਨਾੰਅ ਵੀ ਐਲਾਨੇ। ਪਰ ਸੋਮਵਾਰ ਨੂੰ ਭੁਲੱਥ ਹਲਕੇ ‘ਚ ਹੋਈ ਰੈਲੀ ਦੌਰਾਨ ਅਜਿਹਾ ਨਹੀਂ ਹੋਇਆ।
ਕਿਉਂ ਨਹੀਂ ਖੋਲ੍ਹੇ ਪੱਤੇ ?
ਸੁਖਬੀਰ ਬਾਦਲ ਵੱਲੋਂ ਪੱਤੇ ਨਾ ਖੋਲ੍ਹੇ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਹੁਣ ਤੱਕ ਜਿਹੜੇ ਹਲਕਿਆਂ ‘ਚ ਰੈਲੀਆਂ ਹੋਈਆਂ, ਉਥੇ ਵੱਡੇ ਚਿਹਰਿਆਂ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਭੁਲੱਥ ਹਲਕੇ ‘ਚ ਪਾਰਟੀ ਕੋਲ ਟਿਕਟ ਦੀ ਦਾਅਵੇਦਾਰੀ ਲਈ ਕੋਈ ਵੱਡਾ ਚਿਹਰਾ ਨਜ਼ਰ ਨਹੀਂ ਆਉਂਦਾ। ਹਾਲਾਂਕਿ ਭੁਲੱਥ ਹਲਕੇ ਤੋਂ 3 ਵਾਰ ਵਿਧਾਇਕ ਰਹੇ ਅਤੇ ਮੌਜੂਦਾ ਸਮੇਂ ‘ਚ SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਇਸ ਹਲਕੇ ‘ਚ ਪਾਰਟੀ ਦਾ ਇੱਕਮਾਤਰ ਵੱਡਾ ਚਿਹਰਾ ਹਨ, ਇਸ ਲਈ ਕਿਆਸਰਾਈਆਂ ਸਨ ਕਿ ਸ਼ਾਇਦ ਉਹਨਾਂ ਨੂੰ ਇਥੋਂ ਉਮੀਦਵਾਰ ਐਲਾਨ ਦਿੱਤਾ ਜਾਵੇ। ਰੈਲੀ ਦੇ ਮੰਚ ‘ਤੇ ਉਹਨਾਂ ਦੇ ਪੋਸਟਰ ਵੀ ਲੱਗੇ ਸਨ, ਪਰ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਨਹੀਂ ਐਲਾਨਿਆ। ਇਸਦਾ ਮਤਲਬ ਸਾਫ਼ ਹੈ ਕਿ ਪਾਰਟੀ ਚਾਹੁੰਦੀ ਹੈ ਕਿ ਜਗੀਰ ਕੌਰ ਫਿਲਹਾਲ SGPC ਦਾ ਹੀ ਜ਼ਿੰਮਾ ਸੰਭਾਲਣ।
ਬੀਬੀ ਜਗੀਰ ਕੌਰ ਨਹੀਂ, ਤਾਂ ਕੌਣ ?
ਹੁਣ ਵੱਡਾ ਸਵਾਲ ਹੈ ਕਿ ਬੀਬੀ ਜਗੀਰ ਕੌਰ ਨਹੀਂ, ਤਾਂ ਪਾਰਟੀ ਕਿਸ ਉਮੀਦਵਾਰ ‘ਤੇ ਦਾਅ ਖੇਡੇਗੀ। ਬੇਟੀ ਦੇ ਕਤਲ ਕੇਸ ‘ਚ ਰਾਹਤ ਨਾ ਮਿਲਣ ਦੇ ਚਲਦੇ ਪਿਛਲੀ ਵਾਰ ਜਗੀਰ ਕੌਰ ਚੋਣ ਨਹੀਂ ਲੜ ਸਕੇ ਸਨ, ਤਾਂ ਅਕਾਲੀ ਦਲ ਵੱਲੋਂ ਇਥੋਂ ਯੁਵਰਾਜ ਭੁਪਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਸੀ। ਹਾਲਾਂਕਿ ਉਹਨਾਂ ਨੂੰ ‘ਆਪ’ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਿਹਾਜ਼ਾ ਹੁਣ ਵੇਖਣਾ ਹੋਵੇਗਾ ਕਿ ਪਾਰਟੀ ਹਾਰੇ ਹੋਏ ਉਮੀਦਵਾਰ ‘ਤੇ ਦਾਅ ਖੇਤਦੀ ਹੈ ਜਾਂ ਫਿਰ ਕਿਸੇ ਨਵੇਂ ਚਿਹਰੇ ਨੂੰ ਮੈਦਾਨ ‘ਚ ਉਤਾਰਦੀ ਹੈ।
ਹੁਣ ਤੱਕ 5 ਉਮੀਦਵਾਰਾਂ ਦਾ ਐਲਾਨ
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ 5 ਸਿਆਸੀ ਰੈਲੀਆਂ ਕਰ ਚੁੱਕੇ ਹਨ, ਜਿਹਨਾਂ ‘ਚ 5 ਉਮੀਦਵਾਰਾਂ ਦੇ ਨਾੰਅ ਪਾਰਟੀ ਵੱਲੋਂ ਐਲਾਨ ਦਿੱਤੇ ਗਏ ਹਨ। ਸਭ ਤੋਂ ਪਹਿਲੀ ਰੈਲੀ ਜਲਾਲਾਬਾਦ ‘ਚ ਕੀਤੀ ਗਈ ਸੀ, ਜਿਥੇ ਸੁਖਬੀਰ ਬਾਦਲ ਨੇ ਖੁਦ ਨੂੰ ਹੀ ਉਮੀਦਵਾਰ ਐਲਾਨਿਆ। ਇਸ ਤੋਂ ਬਾਅਦ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਅਜਨਾਲਾ, ਅਟਾਰੀ ਤੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਡੇਰਾਬਸੀ ਤੋਂ ਐਨ.ਕੇ. ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ। ਇਹਨਾਂ ‘ਚੋਂ ਗੁਲਜ਼ਾਰ ਿਸੰਘ ਰਣੀਕੇ ਅਤੇ ਐਨ.ਕੇ. ਸ਼ਰਮਾ ਨੂੰ ਮੰਤਰੀ ਬਣਾਏ ਜਾਣ ਦਾ ਵੀ ਭਰੋਸਾ ਸੁਖਬੀਰ ਬਾਦਲ ਨੇ ਮੰਚ ਤੋਂ ਹੀ ਦੇ ਦਿੱਤਾ ਸੀ।