ਚੰਡੀਗੜ੍ਹ। ਫ਼ਰੀਦਕੋਟ ‘ਚ ਕਾਂਗਰਸੀ ਆਗੂ ਗੁਰਲਾਲ ਸਿੰਘ ਭਲਵਾਨ ਦੇ ਕਤਲ ਕੇਸ ‘ਚ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਨੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਗਗਨ ਬਰਾੜ ਨੂੰ ਹਿਮਾਚਲ ਦੇ ਕਸੋਲ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।
ਸੂਬੇ ਦੇ DGP ਦਿਨਕਰ ਗੁਪਤਾ ਮੁਤਾਬਕ, ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ-ਬੇਸਡ ਗੋਲਡੀ ਬਰਾੜ ਦੇ ਕਰੀਬੀ ਗਗਨ ਬਰਾੜ ਨੇ ਇਹਨਾਂ ਦੋਵਾਂ ਦੇ ਕਹਿਣ ‘ਤੇ ਗੁਰਲਾਲ ਸਿੰਘ ਦੇ ਕਤਲ ਦੀ ਯੋਜਨਾ ਬਣਾਉਣ, ਕਤਲ ਨੂੰ ਅੰਜਾਮ ਦੇਣ ਅਤੇ ਕਾਤਲਾਂ ਨੂੰ ਪਨਾਹ ਦੇਣ ‘ਚ ਮੁੱਖ ਭੂਮਿਕਾ ਨਿਭਾਈ ਸੀ।
ਦਰਅਸਲ, 21 ਫ਼ਰਵਰੀ ਨੂੰ ਦਿੱਲੀ ਪੁਲਿਸ ਨੇ ਇਸ ਕਤਲ ‘ਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹਨਾਂ ਚੋਂ ਇੱਕ ਗੁਰਵਿੰਦਰ ਪਾਲ ਉਰਫ ਗੋਰਾ ਤੋਂ ਪੁੱਛਗਿੱਛ ‘ਚ ਪਤਾ ਲੱਗਿਆ ਕਿ ਉਹ ਖਰੜ ਵਿੱਚ ਗਗਨ ਬਰਾੜ ਨਾਲ ਕਿਰਾਏ ਦੇ ਇੱਕ ਸਾਂਝੇ ਫਲੈਟ ‘ਚ ਰਹਿੰਦਾ ਸੀ ਅਤੇ ਇਸੇ ਮਕਾਨ ‘ਚ ਹੀ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਪੁਲਿਸ ਨੇ ਗਗਨ ਦੇ ਖਰੜ ‘ਚ ਕਿਰਾਏ ਵਾਲੇ ਮਕਾਨ ‘ਚ ਵੀ ਛਾਪਾ ਮਾਰਿਆ, ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਸਾਰੇ ਸੰਚਾਰ ਚੈਨਲਜ਼ ਨੂੰ ਠੱਪ ਕਰ ਫ਼ਰਾਰ ਹੋ ਚੁੱਕਾ ਸੀ। ਪਰ ਵਿਸ਼ੇਸ਼ ਸੂਹਾਂ ਦੇ ਅਧਾਰ ‘ਤੇ ਪੁਲਿਸ ਉਸ ਨੂੰ ਹਿਮਾਚਲ ਤੋਂ ਗ੍ਰਿਫ਼ਤਾਰ ਕਰਨ ‘ਚ ਕਾਮਯਾਬ ਹੋ ਗਈ।
ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਗਗਨ ਬਰਾੜ ਨੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ਦੇ ਨਾਈਟ ਕਲੱਬਾਂ ਵਿੱਚ ਬਾਊਂਸਰ ਵਜੋਂ ਕੰਮ ਕਰ ਰਿਹਾ ਸੀ ਅਤੇ ਪਿਛਲੇ 4-5 ਸਾਲਾਂ ਤੋਂ ਗੋਰਾ ਅਤੇ ਗੁਰਲਾਲ ਬਰਾੜ ਦਾ ਦੋਸਤ ਸੀ। ਉਸ ਨੂੰ ਗੁਰਲਾਲ ਬਰਾੜ ਦੀ ਮਦਦ ਨਾਲ ਹੀ ਬਾਊਂਸਰ ਦੀ ਨੌਕਰੀ ਮਿਲੀ ਸੀ। ਇਸ ਤੋਂ ਇਲਾਵਾ 2 ਵਿਅਕਤੀ ਰਾਜਨ ਪਾਂਡੇ ਉਰਫ ਵਿਸ਼ਾਲ ਅਤੇ ਛੋਟੂ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਹਨ, ਕਰੀਬ 20 ਦਿਨ ਉਹਨਾਂ ਦੇ ਕਮਰੇ ਵਿੱਚ ਰਹੇ ਅਤੇ ਕਤਲ ਤੋਂ 2 ਦਿਨ ਪਹਿਲਾਂ ਹੀ ਗੋਰੇ ਦਾ ਕਮਰਾ ਛੱਡ ਕੇ ਚਲੇ ਗਏ।
DGP ਮੁਤਾਬਕ, “ਗੋਲਡੀ ਬਰਾੜ ਦੇ ਨਿਰਦੇਸਾਂ ‘ਤੇ, ਕਤਲ ਤੋਂ ਇਕ ਦਿਨ ਪਹਿਲਾਂ ਗਗਨ ਨੇ ਖਰੜ ਦੇ ਫਰਸਟ ਬਾਈਟ ਪੀਜਾ ਨੇੜੇ ਇਕ ਅਣਪਛਾਤੇ ਵਿਅਕਤੀ ਨੂੰ ਹਥਿਆਰਾਂ ਅਤੇ ਗੋਲੀ-ਸਿੱਕੇ ਨਾਲ ਭਰਿਆ ਬੈਗ ਫੜਾਇਆ ਸੀ। ਇਹ ਬੈਗ ਗੋਰੇ ਨੇੇ ਲਿਆਂਦਾ ਸੀ ਅਤੇ ਆਪਣੇ ਕਮਰੇ ਦੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਜਦੋਂ ਦਿੱਲੀ ਪੁਲਿਸ ਨੇ ਉਸਦੇ ਕਿਰਾਏ ਦੇ ਮਕਾਨ ‘ਤੇ ਛਾਪਾ ਮਾਰਿਆ, ਤਾਂ ਉਸਨੇ ਅਗਲੇ 2 ਦਿਨਾਂ ਲਈ ਖਰੜ ਵਿਖੇ ਇੱਕ ਦੋਸਤ ਦੇ ਫਲੈਟ ਵਿੱਚ ਪਨਾਹ ਲਈ ਅਤੇ ਫਿਰ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਚਲਾ ਗਿਆ। ਉੱਥੋਂ ਉਹ ਮਕਲੌਡਗੰਜ ਚਲਾ ਗਿਆ ਅਤੇ ਫਿਰ ਹਿਮਾਚਲ ਪ੍ਰਦੇਸ ਦੇ ਕਸੋਲ ਪਹੁੰਚ ਗਿਆ। ਫ਼ਰਾਰ ਹੋਣ ਸਮੇਂ ਗਗਨ ਬਰਾੜ ਕਈ OTT ਐਪਸ ਜਰੀਏ ਗੋਲਡੀ ਬਰਾੜ ਦੇ ਸੰਪਰਕ ਵਿੱਚ ਰਿਹਾ ਅਤੇ ਗੋਲਡੀ ਬਰਾੜ ਨੇ ਉਸ ਨੂੰ ਗੁਜਾਰੇ ਲਈ ਗੂਗਲ ਪੇਅ ਰਾਹੀਂ ਪੈਸੇ ਭੇਜੇ।
ਬਹਿਰਹਾਲ, ਪੁਲਿਸ ਵੱਲੋਂ ਗਗਨ ਬਰਾੜ ਨੂੰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।