November 28, 2022
ਦਿੱਲੀ ‘ਚ ਸ਼੍ਰੱਧਾ ਕਤਲ ਕਾਂਡ ਦੀ ਹੀ ਤਰ੍ਹਾਂ ਇੱਕ ਹੋਰ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪਾਂਡਵ ਨਗਰ ਇਲਾਕੇ ਵਿੱਚ ਇੱਕ ਮਾਂ ਨੇ ਆਪਣੇ ਪੁੱਤਰ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਨੇ ਬੇਰਹਿਮੀ ਨਾਲ ਉਸਦੇ ਲਾਸ਼ ਦੇ ਟੁੱਕੜੇ-ਟੁੱਕੜੇ ਕਰ ਦਿੱਤੇ ਅਤੇ ਉਹਨਾਂ ਨੂੰ ਫ਼ਰਿੱਜ ਵਿੱਚ ਰੱਖ ਦਿੱਤਾ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਤਨੀ ਪੂਨਮ ਅਤੇ ਮਤਰੇਏ ਪੁੱਤਰ ਦੀਪਕ ਨੇ ਅੰਜਨ ਦਾਸ ਨੂੰ ਪਹਿਲਾਂ ਸ਼ਰਾਬ ਪਿਆਈ। ਸ਼ਰਾਬ ਵਿੱਚ ਨਸ਼ੇ ਦੀਆਂ ਗੋਲ਼ੀਆਂ ਮਿਲਾਈਆਂ ਤੇ ਜਦੋੰ ਅੰਜਨ ਬੇਹੋਸ਼ ਹੋ ਗਿਆ, ਤਾਂ ਮੁਲਜ਼ਮਾਂ ਨੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਕਤਲ ਤੋਂ ਬਾਅਦ ਲਾਸ਼ ਦੇ 10 ਟੁੱਕੜੇ ਕੀਤੇ
ਪੁਲਿਸ ਨੇ ਦੱਸਿਆ ਕਿ ਮਾਂ-ਪੁੱਤਰ ਨੇ ਅੰਜਨ ‘ਤੇ ਚਾਕੂ ਨਾਲ 10 ਤੋਂ 12 ਵਾਰ ਕੀਤੇ ਸਨ। ਇਸ ਤੋਂ ਬਾਅਦ ਲਾਸ਼ ਨੂੰ ਇੱਕ ਦਿਨ ਘਰ ਵਿੱਚ ਛੱਡ ਦਿੱਤਾ। ਜਦੋਂ ਲਾਸ਼ ਦਾ ਪੂਰਾ ਖੂਨ ਨਿਕਲ ਗਿਆ, ਤਾਂ ਮੁਲਜ਼ਮਾਂ ਨੇ ਲਾਸ਼ ਦੇ 10 ਟੁੱਕੜੇ ਕਰ ਦਿੱਤੇ। ਇਸ ਤੋਂ ਬਾਅਦ ਟੁੱਕੜਿਆਂ ਨੂੰ ਪਾਲੀਥੀਨ ਵਿੱਚ ਪੈਕ ਕਰਕੇ ਫ਼ਰਿੱਜ ਵਿੱਚ ਰੱਖ ਦਿੱਤਾ। ਮੁਲਜ਼ਮ ਅਗਲੇ 3-4 ਦਿਨਾਂ ਤੱਕ ਟੁੱਕੜਿਆਂ ਨੂੰ ਟਿਕਾਣੇ ਲਾਉਂਦੇ ਰਹੇ।
ਨਾਜਾਇਜ਼ ਸੰਬੰਧਾਂ ਦਾ ਸ਼ੱਕ ਸੀ
ਇਸ ਵਾਰਦਾਤ ਨਾਲ ਜੁੜੇ ਕਈ CCTV ਫੁਟੇਜ ਵੀ ਪੁਲਿਸ ਨੂੰ ਮਿਲੇ ਹਨ, ਜਿਸਦੇ ਅਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਮੁਲਜ਼ਮ ਮਾਂ-ਪੁੱਤਰ ਨੂੰ ਅੰਜਨ ‘ਤੇ ਸ਼ੱਕ ਸੀ ਕਿ ਉਸਦੇ ਕਿਸੇ ਹੋਰ ਨਾਲ ਸੰਬੰਧ ਹਨ। ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਨਹੀਂ ਮੰਨ ਰਿਹਾ ਸੀ, ਜਿਸਦੇ ਚੱਲਦੇ ਦੋਵਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦਿਸ ਦਈਏ ਕਿ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਲਾਸ਼ ਦੇ ਵੱਖੋ-ਵੱਖਰੇ ਟੁੱਕੜੇ ਬਰਾਮਦ ਹੋ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕੇਸ ਦਰਜ ਕੀਤਾ। ਇਸ ਮਾਮਲੇ ਨੂੰ ਵਰਕਆਊਟ ਕਰਨ ਲਈ ਕਰਾਈਆਂ ਬ੍ਰਾਂਚ ਨੂੰ ਵੀ ਲਾਇਆ ਗਿਆ।