ਨਵੀਂ ਦਿੱਲੀ। ਪੰਜਾਬ ‘ਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਲੀਡਰਸ਼ਿਪ ਨੂੰ ਲੈ ਕੇ ਕਾਂਗਰਸ ‘ਚ ਹੋੜ ਮਚੀ ਹੈ, ਪਰ ਇਸ ਵਿਚਾਲੇ ਕਾਂਗਰਸ ਹਾਈਕਮਾਂਡ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਦੇ ਮੁਖੀ ਮੱਲਿਕਾਰਜੁਨ ਖੜਗੇ ਦੇ ਇੱਕ ਬਿਆਨ ਨੇ ਸਿਆਸੀ ਹਲਕਿਆਂ ‘ਚ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ, ਨਿਊਜ਼ ਏਜੰਸੀ ANI ਨਾਲ ਗੱਲਬਾਤ ਕਰਦੇ ਹੋਏ ਖੜਗੇ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।
ਕਾਂਗਰਸੀ ਆਗੂ ਨੇ ਕਿਹਾ, “ਪਾਰਟੀ ਹਾਈਕਮਾਂਡ ਪੰਜਾਬ ਇਕਾਈ ਦੇ ਸਾਰੇ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਮੇਟੀ ਮੈਂਬਰ ਚੋਣਾਂ ਦੇ ਸਬੰਧ ‘ਚ ਮੀਟਿੰਗਾਂ ਕਰ ਰਹੇ ਹਨ। ਸਭ ਕੁਝ ਜਲਦੀ ਠੀਕ ਹੋ ਜਾਵੇਗਾ। ਅਸੀਂ ਸਾਰੇ ਇਕੱਠੇ ਚੋਣ ਮੈਦਾਨ ‘ਚ ਨਿਤਰਾਂਗੇ।”
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਆਪਸੀ ਵਿਵਾਦ ‘ਤੇ ਬੋਲਦਿਆਂ ਖੜਗੇ ਨੇ ਕਿਹਾ, “ਸਿੱਧੂ ਨੇ ਆਪਣਾ ਪੱਖ ਰੱਖਿਆ, ਮੈਂ ਉਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਅਸੀਂ ਵਿਧਾਨ ਸਭਾ ਚੋਣਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜਾਂਗੇ। ਪਾਰਟੀ ‘ਚ ਸਾਰਿਆਂ ਨੇ ਇੱਕੋ ਸੁਰ ‘ਚ ਕਿਹਾ ਹੈ ਕਿ ਅਸੀਂ ਚੋਣਾਂ ਇਕੱਠੇ ਲੜਾਂਗੇ ਅਤੇ ਪੰਜਾਬ ‘ਚ ਮੁੜ ਸਰਕਾਰ ਬਣਾਵਾਂਗੇ। ਜੇਕਰ ਕਿਸੇ ਨੂੰ ਕੋਈ ਦਿੱਕਤ ਹੈ, ਤਾਂ ਹਾਈਕਮਾਂਡ ਹੱਲ ਲੱਭਣ ਦੀ ਕੋਸ਼ਿਸ਼ ਕਰੇਗੀ।”
ਪੰਜਾਬ ‘ਚ ਲੀਡਰਸ਼ਿਪ ਦੀ ਹੋੜ
ਦੱਸ ਦਈਏ ਕਿ ਪੰਜਾਬ ਕਾਂਗਰਸ ‘ਚ ਮਚੇ ਘਮਸਾਣ ਦੀ ਅਸਲ ਜੜ ਲੀਡਰਸ਼ਿਪ ਨੂੰ ਹੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਕਈ ਵਿਧਾਇਕ, ਸਾਂਸਦ ਅਤੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ‘ਤੇ ਲਗਾਤਾਰ ਸਵਾਲ ਚੁੱਕ ਰਹੇ ਹਨ। ਇਸ ਵਿਚਾਲੇ ਸੂਬੇ ‘ਚ ਥਾਂ-ਥਾਂ ਪ੍ਰਤਾਪ ਬਾਜਵਾ ਅਤੇ ਨਵਜੋਤ ਸਿੱਧੂ ਦੇ ਹੱਕ ‘ਚ ਪੋਸਟਰ ਵੀ ਲਗਾਏ ਜਾ ਰਹੇ ਹਨ। ਕਾਂਗਰਸ ਵੱਲੋਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ‘ਚ ਬਕਾਇਦਾ ਸੂਬੇ ‘ਚ ਕੈਂਪੇਨ ਵੀ ਚਲਾਇਆ ਗਿਆ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਕੈਪਟਨ ਇੱਕੋ ਹੀ ਹੁੰਦਾ ਹੈ।