ਚੰਡੀਗੜ੍ਹ। ਬੇਅਦਬੀਆਂ ਅਤੇ ਗੋਲੀ ਕਾਂਡ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਲਗਾਤਾਰ ਸਰਕਾਰ ਅਤੇ ਖਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾਵਰ ਹਨ। ਹਾਲਾਂਕਿ ਖੁਦ ਮੁੱਖ ਮੰਤਰੀ ਇਹਨਾਂ ਹਮਲਿਆਂ ਦਾ ਠੋਕਵਾਂ ਜਵਾਬ ਦੇ ਚੁੱਕੇ ਹਨ, ਪਰ ਸਿੱਧੂ ਆਪਣੇ ਹਮਲੇ ਤੇਜ਼ ਕਰਦੇ ਜਾ ਰਹੇ ਹਨ। ਅਜਿਹੇ ‘ਚ ਹੁਣ ਕਾਂਗਰਸ ਅੰਦਰ ਸੀਐੱਮ ਕੈਪਟਨ ਦੇ ਧੜੇ ਦਾ ਹਿੱਸਾ ਮੰਨੇ ਜਾਣ ਵਾਲੇ ਸੂਬੇ ਦੇ ਕੈਬਨਿਟ ਮੰਤਰੀਆਂ ਨੇ ਹਾਈਕਮਾਨ ਦਾ ਦਰਵਾਜ਼ਾ ਖੜਕਾਇਆ ਹੈ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਬਿਆਨ ਜਾਰੀ ਕਰ ਸਿੱਧੂ ਵੱਲੋਂ ਲਗਾਤਾਰ ਸੀਐੱਮ ‘ਤੇ ਕੀਤੇ ਜਾ ਰਹੇ ਹਮਲਿਆਂ ਨੂੰ ਅਨੁਸ਼ਾਸਨਹੀਣਤਾ ਅਤੇ ਕਾਂਗਰਸ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਉਹਨਾਂ ਨੇ ਸਿੱਧੂ ਦੇ ਬਿਨ੍ਹਾਂ ਰੋਕ-ਟੋਕ ਜਾਰੀ ਹਮਲਿਆਂ ਦਾ ਸਖਤ ਨੋਟਿਸ ਲੈਂਦੇ ਹੋਏ, ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
‘ਚੋਣਾਂ ‘ਚ ਭੁਗਤਣਾ ਪੈ ਸਕਦਾ ਹੈ ਖਾਮਿਆਜ਼ਾ’
ਆਪਣੇ ਬਿਆਨ ‘ਚ ਮੰਤਰੀਆਂ ਨੇ ਕਿਹਾ, “ਹਾਲ ਹੀ ‘ਚ ਸਿੱਧੂ ਵੱਲੋਂ ਮੁੱਖ ਮੰਤਰੀ ‘ਤੇ ਕੀਤੇ ਹਮਲੇ, ਇੱਕ ਲੋਕਤੰਤਰਿਕ ਸਿਆਸੀ ਪਾਰਟੀ ਦੇ ਗੈਰ-ਸੰਤੁਸ਼ਟ ਮੈਂਬਰ ਵਜੋਂ ਕੀਤੇ ਹਮਲੇ ਸਮਝ ਕੇ ਅਣਗੌਲਿਆਂ ਨਹੀਂ ਕੀਤੇ ਜਾ ਸਕਦੇ। ਖੁੱਲ੍ਹੇਆਮ ਜਾਰੀ ਇਹ ਬਗਾਵਤ ਅਜਿਹੇ ਸਮੇਂ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਦੋਂ ਵਿਧਾਨ ਸਭਾ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ। ਜੇਕਰ ਵਿਦਰੋਹ ਦੀ ਇਹ ਚਿੰਗਾਰੀ ਇਥੇ ਹੀ ਨਾ ਰੋਕੀ ਗਈ, ਤਾਂ ਕਿਤੇ ਅਜਿਹਾ ਨਾ ਹੋਵੇ ਕਿ ਕਾਂਗਰਸ ਪੰਜਾਬ ‘ਚ ਆਪਣਾ ਅਧਾਰ ਗੁਆ ਬੈਠੇ ਅਤੇ ਜਿੱਤੀ ਹੋਈ ਬਾਜ਼ੀ ਹਾਰ ਜਾਵੇ।” ਮੰਤਰੀਆਂ ਨੇ ਕਿਹਾ, “ਸਿੱਧੂ ਖਿਲਾਫ਼ ਕਾਰਵਾਈ ਨਾ ਹੋਣ ‘ਤੇ ਪਾਰਟੀ ਦੀ ਸੂਬਾ ਇਕਾਈ ‘ਚ ਅਸ਼ਾਂਤੀ ਫੈਲ ਸਕਦੀ ਹੈ, ਜੋ ਪਾਰਟੀ ਲਈ ਘਾਤਕ ਹੋਵੇਗਾ। ਪਹਿਲਾਂ ਹੀ ਪਾਰਟੀ ਹਾਲ ਹੀ ‘ਚ ਹੋਏ ਵਿਧਾਨ ਸਭਾ ਚੋਣਾਂ ‘ਚ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕੀ ਹੈ।”
‘ਪੰਜਾਬ ਕਾਂਗਰਸ ‘ਚ ਅਸ਼ਾਂਤੀ ਚਾਹੁੰਦੇ ਹਨ ਸਿੱਧੂ’