ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਦੀ ਬੀਜੇਪੀ ਸਰਕਾਰ ਖਿਲਾਫ ਕਾਂਗਰਸ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੂਬੇ ਦੇ ਸਾਬਕਾ ਸੀਐੱਮ ਭੁਪੇਂਦਰ ਸਿੰਘ ਹੁੱਡਾ ਸਣੇ ਤਮਾਮ ਪਾਰਟੀ ਆਗੂਆਂ ਨੇ ਹੱਥਾਂ ਵਿੱਚ “ਅੰਨਦਾਤਾ ਕੀ ਬਾਤ ਸੁਣੋ” ਲਿਖੀ ਤਖਤੀਆਂ ਲੈ ਕੇ ਗਵਰਨਰ ਹਾਊਸ ਤੱਕ ਮਾਰਚ ਕੱਢਿਆ। ਉਹਨਾਂ ਗਵਰਨਰ ਤੋਂ ਖੇਤੀ ਬਿਲਾਂ ਖਿਲਾਫ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕੀਤੀ।
ਦਰਅਸਲ, ਕਾਂਗਰਸ ਦਾ ਦਾਅਵਾ ਹੈ ਕਿ ਬੀਜੇਪੀ-ਜੇਜੇਪੀ ਸਰਕਾਰ ਵਿਧਾਇਕਾਂ ਦਾ ਭਰੋਸਾ ਗਵਾ ਚੁੱਕੀ ਹੈ। ਲਿਹਾਜ਼ਾ, ਉਹਨਾਂ ਨੂੰ ਸੱਤਾ ਵਿੱਚ ਰਹਿਣ ਦਾ ਹੱਕ ਨਹੀਂ। ਇਸੇ ਦੇ ਚਲਦੇ ਕਾਂਗਰਸ ਵਿਧਾਨ ਸਭਾ ‘ਚ ‘ਨੌ ਕੌਂਫੀਡੈਂਸ ਮੋਸ਼ਨ’ ਲਿਆਉਣਾ ਚਾਹੁੰਦੀ ਹੈ। ਪਰ ਕਾਂਗਰਸ ਦਾ ਇਲਜ਼ਾਮ ਹੈ ਕਿ ਸਰਕਾਰ ਨਾ ਤਾਂ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ ਤੇ ਨਾ ਹੀ ਗਵਰਨਰ ਕਾਂਗਰਸ ਨੂੰ ਮਿਲਣ ਦਾ ਸਮਾਂ ਦੇ ਰਹੇ ਹਨ।
ਕੀ ਹੈ ਹਰਿਆਣਾ ਵਿਧਾਨ ਸਭਾ ਦਾ ਗਣਿਤ ?
ਹਰਿਆਣਾ ‘ਚ ਸੱਤਾਧਾਰੀ ਪਾਰਟੀ ਬੀਜੇਪੀ ਕੋਲ ਵਿਧਾਨ ਸਭਾ ‘ਚ 40 ਸੀਟਾਂ ਹਨ, ਜਦਕਿ ਉਹਨਾਂ ਦੀ ਭਾਈਵਾਲ ਜੇਜੇਪੀ ਕੋਲ 10 ਵਿਧਾਇਕ ਹਨ। ਇਸਦੇ ਨਾਲ ਹੀ ਬੀਜੇਪੀ-ਜੇਜੇਪੀ ਨੂੰ 7 ਅਜ਼ਾਦ ਉਮੀਦਵਾਰਾਂ ਦਾ ਵੀ ਸਮਰਥਨ ਹਾਸਲ ਸੀ, ਪਰ ਇਹਨਾਂ ‘ਚੋਂ 2 ਵਿਧਾਇਕ ਆਪਣਾ ਸਮਰਥਨ ਵਾਪਸ ਲੈ ਚੁੱਕੇ ਹਨ। ਕੁੱਲ ਮਿਲਾ ਕੇ, ਬੀਜੇਪੀ-ਜੇਜੇਪੀ ਕੋਲ ਅਜੇ ਵੀ 55 ਵਿਧਾਇਕਾਂ ਦਾ ਸਾਥ ਹੈ। ਲਿਹਾਜ਼ਾ, ਸਰਕਾਰ ਨੂਂ ਫਿਲਹਾਲ ਕੋਈ ਖ਼ਤਰਾ ਨਜ਼ਰ ਨਹੀਂ ਆ ਰਿਹਾ। ਕਾਂਗਰਸ ਦੀ ਗੱਲ ਕਰੀਏ, ਤਾਂ ਕਾਂਗਰਸ ਕੋਲ 31 ਵਿਧਾਇਕ ਹਨ, ਜਦਕਿ ਇਨੈਲੋ ਦੇ ਇਕਲੌਤੇ ਵਿਧਾਇਕ ਅਭੈ ਚੌਟਾਲਾ ਹਾਲ ਹੀ ‘ਚ ਕਿਸਾਨਾਂ ਦੇ ਸਮਰਥਨ ‘ਚ ਅਸਤੀਫ਼ਾ ਦੇ ਚੁੱਕੇ ਹਨ।