ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਥਾਨਕ ਚੋਣਾਂ ‘ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹਨ। 14 ਫਰਵਰੀ ਨੂੰ ਹੋਣ ਜਾ ਰਹੀਆਂ ਇਹਨਾਂ ਚੋਣਾਂ ਨੂੰ 2022 ਦੇ ਸੈਮੀਫਾਈਨਲ ਵਜੋਂ ਵੇਖਿਆ ਜਾ ਰਿਹਾ ਹੈ। ਲਿਹਾਜ਼ਾ ਛੋਟੀ ਸਰਕਾਰ ਦੀਆਂ ਇਹਨਾਂ ਚੋਣਾਂ ‘ਤੇ ਵੱਡਾ ਸਿਆਸੀ ਸੰਗ੍ਰਾਮ ਛਿੜਿਆ ਹੈ। ਪਰ ਬਦਲੇ ਸਿਆਸੀ ਸਮੀਕਰਨਾਂ ਦੇ ਚਲਦੇ ਇਹ ਚੋਣਾਂ ਹੋਰ ਵੀ ਖਾਸ ਹੋ ਜਾਂਦੀਆਂ ਹਨ।
ਕਿਸਾਨ ਅੰਦੋਲਨ ਵਿਚਾਲੇ ਚੋਣਾਂ
ਦੇਸ਼ ਭਰ ‘ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ। ਪੰਜਾਬ ਇਸ ਅੰਦੋਲਨ ਦਾ ਸਭ ਤੋਂ ਅਹਿਮ ਹਿੱਸਾ ਹੈ। ਇਸ ਵੇਲੇ ਪੰਜਾਬ ਦੇ ਵਧੇਰੇਤਰ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਹਾਲਾਂਕਿ ਇਹ ਚੋਣਾਂ ਸ਼ਹਿਰੀ ਇਲਾਕਿਆਂ ‘ਚ ਹੋ ਰਹੀਆਂ ਹਨ, ਬਾਵਜੂਦ ਇਸਦੇ ਚੋਣਾਂ ‘ਤੇ ਅੰਦੇਲਨ ਦੇ ਅਸਰ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।
ਅਕਾਲੀ-ਬੀਜੇਪੀ ਗਠਜੋੜ ਟੁੱਟਣ ਤੋਂ ਬਾਅਦ ਪਹਿਲੀ ਚੋਣ
2 ਦਹਾਕਿਆਂ ਤੋਂ ਪੰਜਾਬ ਵਿੱਚ ਲਗਭਗ ਹਰ ਚੋਣ ਮਿਲ ਕੇ ਲੜਨ ਵਾਲੇ ਅਕਾਲੀ ਦਲ ਅਤੇ ਬੀਜੇਪੀ ਦੀਆਂ ਰਾਹਾਂ ਹੁਣ ਵੱਖ-ਵੱਖ ਹਨ। ਪਿਛਲੇ ਸਾਲ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਕਾਲੀ ਦਲ ਨੇ ਕੇਂਦਰ ਸਰਕਾਰ ਦਾ ਸਾਥ ਛੱਡਦੇ ਹੋਏ NDA ਨਾਲ ਵੀ ਆਪਣਾ ਨਾਤਾ ਤੋੜ ਲਿਆ ਸੀ। ਅਜਿਹੇ ਵਿੱਚ ਇਹ ਚੋਣਾਂ ਦੋਵੇਂ ਪਾਰਟੀਆਂ ਲਈ ਬੇਹਦ ਅਹਿਮ ਹਨ। ਜਿਥੇ ਅਕਾਲੀ ਦਲ ਸਾਹਮਣੇ ਸ਼ਹਿਰਾਂ ‘ਚ ਆਪਣੇ ਦਮ ‘ਤੇ ਖੁਦ ਨੂੰ ਸਾਬਿਤ ਕਰਨ ਦੀ ਚੁਣੌਤੀ ਹੈ, ਉਥੇ ਹੀ ਬੀਜੇਪੀ ਸਾਹਮਣੇ ਅਕਾਲੀ ਦਲ ਤੋਂ ਵੱਖ ਚੋਣ ਲੜਨ ਦੇ ਨਾਲ-ਨਾਲ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਬਾਵਜੂਦ ਆਪਣਾ ਸ਼ਹਿਰੀ ਵੋਟ ਬਰਕਰਾਰ ਰੱਖਣਾ ਵੱਡਾ ਚੈਲੇਂਜ ਹੈ।
ਕੈਪਟਨ ਸਾਹਮਣੇ ਜਲਵਾ ਬਰਕਰਾਰ ਰੱਖਣ ਦੀ ਚੁਣੌਤੀ
2017 ਦੀਆਂ ਚੋਣਾਂ ‘ਚ ਬੰਪਰ ਬਹੁਮਤ ਨਾਲ ਸੱਤਾ ‘ਚ ਆਉਣ ਵਾਲੀ ਕਾਂਗਰਸ ਪਾਰਟੀ ਲਈ ਇਹ ਚੋਣਾਂ ਬੇਹਦ ਅਹਿਮ ਹਨ। ਪਿਛਲ 4 ਸਾਲਾਂ ਦੌਰਾਨ ਕੌਪਟਨ ਦੀ ਅਗਵਾਈ ‘ਚ ਕਾਂਗਰਸ ਨੇ ਲਗਭਗ ਹਰ ਚੋਣ ਜਿੱਤੀ ਹੈ। 2019 ਦੀਆਂ ਲੋਕ ਸਭਾ ਚੋਣਾਂ ‘ਚ ਵੀ ਕਾਂਗਰਸ ਨੇ ਪੰਜਾਬ ‘ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਸਥਾਨਕ ਚੋਣਾਂ ਦੀ ਗੱਲ ਕਰੀਏ, ਤਾਂ ਇਹਨਾਂ ਚੋਣਾਂ ਦਾ ਟ੍ਰੇਂਡ ਹਮੇਸ਼ਾ ਤੋਂ ਲਗਭਗ ਇਸੇ ਤਰ੍ਹਾਂ ਦਾ ਰਿਹਾ ਹੈ, ਕਿ ਜਿਸ ਪਾਰਟੀ ਦੀ ਸਰਕਾਰ ਹੋਵੇ, ਨਤੀਜੇ ਉਸੇ ਦੇ ਹੱਕ ਵਿੱਚ ਹੁੰਦੇ ਹਨ। ਪਰ ਜੇਕਰ ਇਸ ਵਾਰ ਉਲਟਫੇਰ ਹੁੰਦਾ ਹੈ, ਤਾਂ ਉਹ ਕੈਪਟਨ ਅਤੇ ਕਾਂਗਰਸ ਲਈ ਕਿਸੇ ਸਿਰਦਰਦ ਤੋਂ ਘਁਟ ਨਹੀਂ ਹੋਵੇਗਾ। ਨਾਲ ਹੀ ਪਾਰਟੀ ਅੰਦਰ ਕੈਪਟਨ ਦੇ ਵਿਰੋਧੀਆੰ ਨੂੰ ਵੀ ਹਮਲਾਵਰ ਹੋਣ ਦਾ ਮੌਕਾ ਮਿਲ ਜਾਵੇਗਾ।
ਸ਼ਹਿਰਾਂ ‘ਚ ਕਿਸ ਨੂੰ ਮਿਲੇਗਾ ਤਾਜ ?
8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਲਈ ਹੋ ਰਹੀਆਂ ਚੋਣਾਂ ‘ਚ ਸਾਰੀਆਂ ਪਾਰਟੀਆਂ ਨੇ ਪੂਰਾ ਵਾਹ ਲਾਈ ਹੋਈ ਹੈ। ਅਕਾਲੀ ਦਲ ਵੱਲੋਂ ਖੁਦ ਸੁਖਬੀਰ ਬਾਦਲ ਨੇ ਮੋਰਚਾ ਸੰਭਾਲਿਆ ਹੋਇਆ ਹੈ। ਕਾਂਗਰਸ ਦੇ ਵੀ ਮੰਤਰੀ ਤੇ ਵਿਧਾਇਕ ਆਪੋ-ਆਪਣੇ ਇਲਾਕਿਆਂ ‘ਚ ਝੰਡਾ ਬੁਲੰਦ ਕਰ ਰਹੇ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਝੱਲ ਰਹੀ ਬੀਜੇਪੀ ਵੀ ਪੂਰੇ ਜੋਸ਼ ਨਾਲ ਮੈਦਾਨ ‘ਚ ਡਟੀ ਹੋਈ ਹੈ। ਹਾਲਾਂਕਿ ਵਿਰੋਧ ਦੇ ਚਲਦੇ ਪਾਰਟੀ ਨੇ 300 ਤੋਂ ਵੱਧ ਵਾਰਡਾਂ ‘ਚ ਆਪਣੇ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨ ਦੀ ਬਜਾਏ ਅਜ਼ਾਦ ਉਮੀਦਵਾਰਾਂ ਵਜੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਬੀਜੇਪੀ ਦੀ ਕੋਸ਼ਿਸ਼ ਸ਼ਹਿਰਾਂ ‘ਚ ਆਪਣੇ ਵੋਟਬੈਂਕ ਨੂੰ ਬਰਕਰਾਰ ਰੱਖਣ ਦੀ ਹੈ। ਆਮ ਆਦਮੀ ਪਾਰਟੀ ਵੀ ਇਹਨਾਂ ਚੋਣਾਂ ਦੇ ਜ਼ਰੀਏ ਪੰਜਾਬ ਵਿੱਚ ਆਪਣੀ ਸਿਆਸੀ ਹੋਂਦ ਬਚਾਉਣ ਦੀ ਕੋਸ਼ਿਸ਼ ‘ਚ ਲੱਗੀ ਹੈ।
ਚੋਣਾਂ ‘ਚ ਹਿੰਸਾ ਦਾ ਖਦਸ਼ਾ
ਇੱਕ ਫਰਵਰੀ ਨੂੰ ਜਲਾਲਾਬਾਦ ਵਿੱਚ ਪਾਰਟੀ ਉਮੀਦਵਾਰਾਂ ਦੇ ਪਰਚੇ ਭਰਵਾਉਣ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਹਮਲਾ ਹੋਇਆ। ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ‘ਤੇ ਹਮਲੇ ਦਾ ਇਲਜ਼ਾਮ ਲਗਾਇਆ ਤੇ ਨਾਲ ਹੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ। ਹਾਲਾਂਕਿ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਖੁਦ ਗੁੰਡੇ ਲਿਆ ਕੇ ਮਾਹੌਲ ਖਰਾਬ ਕਰਵਾਇਆ। ਕੁਝ ਅਜਿਹਾ ਹੀ ਬਵਾਲ ਤਰਨਤਾਰਨ ਦੇ ਭਿਖੀਵਿੰਡ ਵਿੱਚ ਵੀ ਹੋਇਆ। ਇਥੇ ਵੀ ਅਕਾਲੀ ਦਲ ਅਤੇ ਕਾਂਗਰਸੀ ਵਰਕਰ ਆਪਸ ਵਿੱਚ ਭਿੜ ਗਏ ਅਤੇ ਫਾਇਰਿੰਗ ਵੀ ਹੋਈ। ਲਿਹਾਜ਼ਾ ਚੋਣਾਂ ਦੌਰਾਨ ਵੀ ਅਜਿਹੀ ਹਿੰਸਾ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅਕਾਲੀ ਦਲ ਨੇ ਚੋਣਾਂ ਦੌਰਾਨ ਅਰਧ ਸੈਨਿਕ ਬਲਾਂ ਦੀ ਤੈਨਾਤੀ ਲਈ ਵੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ।
ਇਹਨਾਂ ਨਗਰ ਨਿਗਮਾਂ ਲਈ ਚੋਣ
ਅਬੋਹਰ, ਬਠਿੰਡਾ, ਬਟਾਲਾ, ਕਪੂਰਥਲਾ, ਮੋਹਾਲੀ, ਹੁਸ਼ਿਆਰਪੁਰ, ਪਠਾਨਕੋਟ, ਮੋਗਾ
ਇਹਨਾਂ ਨਗਰ ਕੌਂਸਲਾਂ ਲਈ ਚੋਣ
ਅਜਨਾਲਾ, ਰਮਦਾਸ, ਰਈਆ, ਮਜੀਠਾ, ਜੰਡਿਆਲਾ ਗੁਰੂ, ਭਿਖੀਵਿੰਡ, ਪੱਟੀ, ਗੁਰਦਾਸਪੁਰ, ਸ਼੍ਰੀ ਹਰਿਗੋਬਿੰਦਪੁਰ, ਫਤਿਹਗੜ੍ਹ ਚੂੜੀਆੰ, ਧਾਰੀਵਾਲ, ਕਾਦੀਆਂ, ਦੀਨਾਨਗਰ, ਨਕੋਦਰ, ਨੂਰਮਹਿਲ, ਫਿਲੌਰ, ਕਰਤਾਰਪੁਰ, ਅਲਾਵਲਪੁਰ, ਆਦਮਪੁਰ, ਲੋਹੀਆਂ, ਮਹਿਪੁਰ, ਸੁਲਤਾਨਪੁਰ ਲੋਧੀ, ਦਸੂਹਾ, ਮੁਕੇਰੀਆਂ, ਉੜਮੁੜ ਟਾਂਡਾ, ਗੜ੍ਹਸ਼ੰਕਰ, ਸ਼ਾਮ ਚੌਰਾਸੀ, ਨਵਾਂਸ਼ਹਿਰ, ਬੰਗਾ, ਰਾਹੋਂ, ਖੰਨਾ, ਸਮਰਾਲਾ, ਰਾਏਕੋਟ, ਦੋਰਾਹਾ, ਪਾਇਲ, ਰੋਪੜ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਗੋਬਿੰਦਗੜ੍ਹ, ਬਸੀ ਪਠਾਣਾ, ਖਮਾਣੋਂ, ਰਾਜਪੁਰਾ, ਨਾਭਾ, ਪਾਤੜਾਂ, ਮਲੇਰਕੋਟਲਾ, ਸੁਨਾਮ, ਅਹਿਮਦਗੜ੍ਹ, ਧੂਰੀ, ਲੌਂਗੋਵਾਲ, ਅਮਰਗੜ੍ਹ, ਭਵਾਨੀਗੜ੍ਹ, ਬਰਨਾਲਾ, ਤਪਾ, ਭਦੌੜ, ਧਨੌਲਾ, ਖਰੜ, ਜ਼ੀਰਕਪੁਰ, ਡੇਰਾਬਸੀ, ਕੁਰਾਲੀ, ਨਇਆਗਾਓਂ, ਲਾਲੜੂ, ਭੁਚੋਂ ਮੰਡੀ, ਗੋਨਿਆਣਾ ਮੰਡੀ, ਰਾਮਾੰ ਮੰਡੀ, ਸੰਗਤ ਮੰਡੀ, ਕੋਠਾ ਗੁਰੂ, ਮਹਿਰਾਜ, ਕੋਟ ਸ਼ਮੀਰ, ਲਹਿਰਾ ਮੁਹੱਬਤ, ਭਾਈ ਪੂਰਾ, ਨਥਾਣਾ, ਮਲੂਕਾ, ਭਗਤਾ ਭਾਈ ਕਾ, ਮਾਨਸਾ, ਬੁਢਲਾਡਾ, ਬਰੇਟਾ, ਬੋਹਾ, ਜੋਗਾ, ਮੁਕਤਸਰ, ਮਲੋਟ, ਗਿੱਦੜਬਾਹਾ, ਫਿਰੋਜ਼ਪੁਰ, ਗੁਰੂ ਹਰਸਹਾਏ, ਜੀਰਾ, ਤਲਵੰਡੀ ਭਾਈ, ਮੁਦਗੀ, ਮਮਦੋਟ, ਜਲਾਲਾਬਾਦ, ਫਰੀਦਕੋਟ, ਕੋਟਕਪੂਰਾ, ਜੈਤੋਂ, ਬਦਨੀ ਕਲਾਂ, ਕੋਟ ਈਸੇ ਖਾਂ, ਨਿਹਾਲ ਸਿੰਘ ਵਾਲਾ
ਇਹਨਾਂ ਨਗਰ ਨਿਗਮਾਂ ਅਤੇ ਨਗਰ ਕੌੰਸਲਾਂ ਲਈ ਨਾਮਜ਼ਦਗੀ ਪ੍ਰਕ੍ਰਿਰਿਆ ਮੁਕੰਮਲ ਹੋ ਚੁੱਕੀ ਹੈ। ਹੁਣ ਸਾਰੀ ਪਾਰਟੀਆੰ ਦਾ ਪ੍ਰਚਾਰ ‘ਤੇ ਜ਼ੋਰ ਹੈ। 14 ਫਰਵਰੀ ਨੂੰ ਵੋਟਿੰਗ ਹੋਵੇਗੀ, ਜਿਸਦੇ ਨਤੀਜੇ 17 ਫਰਵਰੀ ਨੂੰ ਐਲਾਨੇ ਜਾਣਗੇ।