ਬਿਓਰੋ। ਸਿੰਘੂ ਬਾਰਡਰ ‘ਤੇ ਤਰਨਤਾਰਨ ਦੇ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿੱਚ 3 ਹੋਰ ਨਿਹੰਗਾਂ ਨੇ ਸਰੰਡਰ ਕਰ ਦਿੱਤਾ ਹੈ। ਨਿਹੰਗ ਨਰਾਇਣ ਸਿੰਘ ਨੇ ਅੰਮ੍ਰਿਤਸਰ ਵਿਖੇ ਸਰੰਡਰ ਕੀਤਾ ਹੈ। ਇਸ ਤੋਂ ਇਲਾਵਾ ਭਗਵੰਤ ਸਿੰਘ ਤੇ ਗੋਬਿੰਦ ਸਿੰਘ ਨਾਮੀ 2 ਨਿਹੰਗਾਂ ਨੇ ਕੁੰਡਲੀ ਬਾਰਡਰ ਵਿਖੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ।
ਮੁਲਜ਼ਮ ਨਿਹੰਗ ਨਰਾਇਣ ਸਿੰਘ ਸਿੰਘੂ ਬਾਰਡਰ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਨਰਾਇਣ ਸਿੰਘ ਦੇ ਅੰਮ੍ਰਿਤਸਰ ਪਹੁੰਚਣ ਦੀ ਖ਼ਬਰ ਮਿਲਦੇ ਹੀ ਪੁਲਿਸ ਨੇ ਪਿੰਡ ਨੂੰ ਘੇਰ ਲਿਆ ਸੀ। ਇਸ ਤੋਂ ਬਾਅਦ ਨਰਾਇਣ ਨੇ ਕਿਹਾ ਕਿ ਅਰਦਾਸ ਤੋਂ ਬਾਅਦ ਉਹ ਖੁਦ ਹੀ ਸਰੰਡਰ ਕਰ ਦੇਵੇਗਾ। ਅਰਦਾਸ ਉਪੰਰਤ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਅਤੇ ਆਤਮ-ਸਮਰਪਣ ਕਰ ਦਿੱਤਾ।
ਭਗਵੰਤ ਸਿੰਘ ਅਤੇ ਗੋਬਿੰਦ ਸਿੰਘ ਨੇ ਵੀ ਸਰੰਡਰ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕੀਤੀ। ਰਾਤ ਕਰੀਬ ਸਾਢੇ 8 ਵਜੇ ਸੋਨੀਪਤ ਪੁਲਿਸ ਦੀ ਇੱਕ ਟੀਮ ਨਿਹੰਗਾਂ ਨੂੰ ਲੈਣ ਲਈ ਉਹਨਾਂ ਦੇ ਡੇਰੇ ਵਿੱਚ ਪਹੁੰਚੀ ਸੀ ਅਤੇ ਕਰੀਬ 45 ਮਿੰਟਾਂ ਬਾਅਦ ਉਹਨਾਂ ਨੂੰ ਉਥੋਂ ਚਲੀ ਗਈ।
ਨਰਾਇਣ ਨੇ ਕਬੂਲੀ ਲਖਬੀਰ ਦਾ ਪੈਰ ਵੱਢਣ ਦੀ ਗੱਲ
ਨਿਹੰਗ ਨਰਾਇਣ ਸਿੰਘ ਨੇ ਕਬੂਲ ਕੀਤਾ ਕਿ ਉਸਨੇ ਮਰਨ ਵਾਲੇ ਲਖਬੀਰ ਸਿੰਘ ਦਾ ਪੈਰ ਵੱਢਿਆ ਸੀ। ਨਰਾਇਣ ਮੁਤਾਬਕ, ਉਹ ਦੁਸਹਿਰਾ ਮਨਾਉਣ ਲਈ ਅੰਮ੍ਰਿਤਸਰ ਤੋਂ ਸਿੰਘੂ ਬਾਰਡਰ ਗਿਆ ਸੀ। ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਮੈਂ ਸਿੰਘੂ ਬਾਰਡਰ ਪਹੁੰਚਿਆ। ਉਥੇ ਇਕੱਠੇ ਹੋਏ ਲੋਕਾਂ ਨੇ ਉਹਨਾਂ ਦੀ ਗੱਡੀ ‘ਤੇ ਹੱਥ ਮਾਰਨੇ ਸ਼ੁਰੂ ਕਰ ਦਿੱਤੇ। ਬਾਹਰ ਨਿਕਲਣ ‘ਤੇ ਲੋਕਾਂ ਨੇ ਦੱਸਿਆ ਕਿ ਲਖਬੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਉਸਨੇ ਉਥੇ ਮੌਜੂਦ ਲੋਕਾਂ ਤੋਂ ਪੁੱਛਿਆ ਕਿ…ਕੀ ਲਖਬੀਰ ਹਾਲੇ ਤੱਕ ਜਿੰਦਾ ਹੈ। ਨਰਾਇਣ ਮੁਤਾਬਕ, ਉਸਨੇ ਜਦੋਂ ਲਖਬੀਰ ਨੂੰ ਵੇਖਿਆ, ਤਾਂ ਉਸਦਾ ਹੱਥ ਕਟਿਆ ਹੋਇਆ ਸੀ। ਇਸ ਤੋਂ ਬਾਅਦ ਉਸਨੇ ਤਲਵਾਰ ਨਾਲ ਲਖਬੀਰ ਦਾ ਪੈਰ ਵੱਢ ਦਿੱਤਾ। ਅੱਧੇ ਘੰਟੇ ਬਾਅਦ ਲਖਬੀਰ ਦੀ ਮੌਤ ਹੋ ਗਈ।
ਪਹਿਲਾਂ ਨਿਹੰਗ ਲਖਬੀਰ ਨੇ ਕੀਤਾ ਸੀ ਸਰੰਡਰ
ਇਹਨਾਂ ਤਿੰਨਾਂ ਸਰੰਡਰ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਮੁਲਜ਼ਮ ਸਰਬਜੀਤ ਸਿੰਘ ਨੇ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ ਸੀ। ਸ਼ਨੀਵਾਰ ਨੂੰ ਪੁਲਿਸ ਨੇ ਉਸਨੂੰ ਕੋਰਟ ਵਿੱਚ ਪੇਸ਼ ਕੀਤਾ, ਜਿਥੋਂ ਕੋਰਟ ਨੇ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।