ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ SIT ਦੇ ਗਠਨ ‘ਤੇ ਉਠਦੇ ਸਵਾਲਾਂ ਵਿਚਾਲੇ ਹੁਣ ਪੰਜਾਬ ਸਰਕਾਰ ਨੇ ਸਫ਼ਾਈ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੇ ਕਿ ਜਾਂਚ ਲਈ ਦਿੱਤਾ 6 ਮਹੀਨਿਆਂ ਦਾ ਸਮਾਂ ਹਾਈਕੋਰਟ ਦੇ ਆਦੇਸ਼ਾਂ ‘ਤੇ ਦਿੱਤਾ ਗਿਆ ਹੈ, ਪਰ SIT ਇਸ ਸਮੇਂ ਤੋਂ ਪਹਿਲਾਂ ਆਪਣੀ ਜਾਂਚ ਪੂਰੀ ਕਰਨ ਲਈ ਪੂਰੀ ਤਰ੍ਹਾਂ ਅਜ਼ਾਦ ਹੈ। SIT ਚਾਹੇ, ਤਾਂ 2 ਮਹੀਨਿਆਂ ਅੰਦਰ ਜਾਂਚ ਮੁਕੰਮਲ ਕਰ ਸਕਦੀ ਹੈ। ਦਰਅਸਲ, ਹਾਈਕੋਰਟ ਨੇ ਆਪਣੇ ਆਦੇਸ਼ ‘ਚ ਕਿਹਾ ਸੀ ਕਿ ਨਵੀਂ SIT ਜਲਦ ਤੋਂ ਜਲਦ (ਤਰਜੀਹੀ ਤੌਰ ‘ਤੇ 6 ਮਹੀਨਿਆਂ ਅੰਦਰ) ਆਪਣੀ ਜਾਂਚ ਮੁਕੰਮਲ ਕਰੇ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਕਿਹਾ, “ਸਰਕਾਰ ਦੀ ਨੋਟੀਫਿਕੇਸ਼ਨ ਅਤੇ ਇਰਾਦੇ ਨੂੰ ਕੁਝ ਤੱਤਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਕੈਪਟਨ ਅਮਰਿੰਦਰ ਿਸੰਘ ਦੀ ਅਗਵਾਈ ਵਾਲੀ ਸਰਕਾਰ ਮਾਮਲੇ ਦੀ ਨਿਰਪੱਖ ਜਾਂਚ, ਪੀੜਤਾਂ ਨੂੰ ਇਨਸਾਫ਼ ਦਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਵਚਨਬੱਧ ਹੈ। ਇਸੇ ਵਚਨਬੱਧਤਾ ਦੇ ਚਲਦੇ ਸਰਕਾਰ ਨੇ ਸਿਰਫ਼ ਕੋਰਟ ਦੇ ਫ਼ੈਸਲੇ ਨੂੰ ਚੈਲੇਂਜ ਕਰਨ ਦੀ ਬਜਾਏ ਨਵੀਂ SIT ਦਾ ਗਠਨ ਕੀਤਾ।” ਬੁਲਾਰੇ ਨੇ ਦੱਿਸਆ ਕਿ SIT ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ 8 ਮਈ ਨੂੰ ਇਸਦੀ ਪਹਿਲੀ ਵਰਚੁਅਲ ਮੀਟਿੰਗ ਵੀ ਹੋ ਚੁੱਕੀ ਹੈ।
ਵਿਰੋਧੀਆਂ ਨੇ ਸਰਕਾਰ ਦੀ ਨੀਅਤ ‘ਤੇ ਚੁੱਕੇ ਸਨ ਸਵਾਲ
‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਨਵੀਂ SIT ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਦੱਸਿਆ ਸੀ ਅਤੇ ਕੈਪਟਨ ਸਰਕਾਰ ‘ਤੇ ਬਾਦਲਾਂ ਦੇ ਹੱਥਾਂ ‘ਚ ਖੇਡਣ ਦਾ ਇਲਜ਼ਾਮ ਲਾਇਆ ਸੀ। ਭਗਵੰਤ ਮਾਨ ਨੇ ਕਿਹਾ ਕਿ ਨਵੀਂ ਜਾਂਚ ਟੀਮ ਬਣਾ ਕੇ ਕੈਪਟਨ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ। ਇਸਦੇ ਨਾਲ ਹੀ ਉਹਨਾਂ ਨੇ ਕਾਂਗਰਸ ਦੀ ਅੰਦਰੂਨੀ ਲੜਾਈ ‘ਤੇ ਟਿੱਪਣੀ ਕਰਦਿਆਂ ਇਹ ਵੀ ਕਿਹਾ ਸੀ ਕਿ ਕਾਂਗਰਸੀਆਂ ਨੂੰ ਜੇਕਰ ਗੁਰੂ ਨਾਲ ਪਿਆਰ ਹੈ, ਤਾਂ ਅੰਦਰੂਨੀ ਲੜਾਈ ਛੱਡ ਕੇ ਅਸਤੀਫ਼ੇ ਦੇਣੇ ਚਾਹੀਦੇ ਹਨ।
ਓਧਰ ਬੀਜੇਪੀ ਨੇ ਵੀ ਨਵੀਂ SIT ਦੇ ਗਠਨ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਗੰਭੀਰ ਇਲਜ਼ਾਮ ਲਾਏ ਸਨ। BJP ਆਗੂ ਤਰੁਣ ਚੁੱਘ ਨੇ ਕਿਹਾ ਸੀ ਕਿ ਦੋਸ਼ੀਆਂ ਨੂੰ ਬਚਾਉਣ ਲਈ SIT ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਕਿਸੇ ਰਾਕੇਟ ਸਾਈਂਸ ਦੀ ਜ਼ਰੂਰਤ ਨਹੀਂ, ਇਸ ਲਈ ਕੈਪਟਨ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰਨ।
ਬੇਅਦਬੀਆਂ ਤੇ ਗੋਲੀ ਕਾਂਡ ‘ਤੇ ਘਰ ‘ਚ ਵੀ ਘਿਰੀ ਸਰਕਾਰ
ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਨਾ ਸਿਰਫ਼ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ, ਬਲਕਿ ਆਪਣੇ ਘਰ ‘ਚ ਵੀ ਘਿਰਦੀ ਜਾ ਰਹੀ ਹੈ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਆਪਣੀ ਸਰਕਾਰ ‘ਤੇ ਸਵਾਲ ਚੁੱਕਦੇ ਰਹੇ ਹਨ, ਤੇ ਹਾਈਕੋਰਟ ਵੱਲੋਂ ਪੁਰਾਣੀ SIT ਦੀ ਜਾਂਚ ਨੂੰ ਰੱਦ ਕਰਨ ਦੇ ਫ਼ੈਸਲੇ ਦੇ ਬਾਅਦ ਤੋਂ ਹੋਰ ਵੀ ਵੱਧ ਹਮਲਾਵਰ ਹੋ ਰਹੇ ਹਨ। ਸਿੱਧੂ ਆਏ ਦਿਨ ਕੈਪਟਨ ਅਮਰਿੰਦਰ ਸਿੰਘ ‘ਤੇ ਸਵਾਲ ਚੁੱਕਦੇ ਹਨ। ਓਧਰ ਨਵੀਂ SIT ਦੇ ਗਠਨ ਤੋਂ ਬਾਅਦ ਕਾਂਗਰਸ ਸਾਂਸਦ ਪ੍ਰਤਾਪ ਬਾਜਵਾ ਨੇ ਕੈਪਟਨ ਸਰਕਾਰ ਨੂੰ ਜਾਂਚ ਲਈ ਇੱਕ ਜਾਂ 2 ਮਹੀਨੇ ਦਾ ਸਮਾਂ ਨਿਰਧਾਰਤ ਕਰਨ ਦੀ ਮੰਗ ਕੀਤੀ ਹੈ।
ਇਸ ਸਭ ਦੇ ਵਿਚਾਲੇ ਕੈਪਟਨ ਦੀ ਵਜ਼ਾਰਤ ਦੇ 2 ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਵੀ ਬਾਗੀ ਰੁਖ ਅਖਤਿਆਰ ਕਰਨ ਲੱਗੇ ਹਨ। ਹਾਲ ਹੀ ‘ਚ ਇਹਨਾਂ ਮੰਤਰੀਆਂ ਨੇ ਸਿੱਧੂ ਨਾਲ ਮੁਲਾਕਾਤ ਵੀ ਕੀਤੀ ਹੈ। ਸੁਖਜਿੰਦਰ ਰੰਧਾਵਾ ਤਾਂ ਇਸ ਮੁੱਦੇ ‘ਤੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਤੱਕ ਕਰ ਚੁੱਕੇ ਹਨ। ਓਧਰ ਕੁਝ ਕਾਂਗਰਸੀ ਵਿਧਾਇਕ ਵੀ ਕਾਰਵਾਈ ਨਾ ਹੋਣ ਦੇ ਚਲਦੇ ਆਪਣੀ ਸਰਕਾਰ ਤੋਂ ਖਫਾ ਹਨ।