ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੀ ਖ਼ਤਰਨਾਕ ਰਫ਼ਤਾਰ ਕਈਆਂ ਨੂੰ ਆਪਣੀ ਚਪੇਟ ‘ਚ ਲੈਂਦੀ ਜਾ ਰਹੀ ਹੈ। ਸਰਕਾਰ ਵੱਲੋਂ ਰੋਜ਼ਾਨਾ ਹੀ ਜੋ ਅੰਕੜੇ ਜਾਰੀ ਹੁੰਦੇ ਹਨ, ਉਹ ਬੇਹੱਦ ਡਰਾਉਣ ਵਾਲੇ ਅਤੇ ਚਿੰਤਾ ਵਧਾਉਣ ਵਾਲੇ ਹਨ। ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 84 ਲੋਕਾਂ ਨੇ ਕੋਰੋਨਾ ਦੀ ਵਜ੍ਹਾ ਨਾਲ ਦਮ ਤੋੜ ਦਿੱਤਾ।
ਕੋਰੋਨਾ ਨਾਲ ਸਭ ਤੋਂ ਵੱਧ ਮੌਤਾਂ ਅੰਮ੍ਰਿਤਸਰ ‘ਚ ਹੋਈਆਂ ਹਨ, ਜਿਥੇ 12 ਲੋਕਾਂ ਨੇ ਕੋਰੋਨਾ ਦੀ ਚਪੇਟ ‘ਚ ਆ ਕੇ ਆਪਣੀ ਜਾਨ ਗੁਆ ਦਿੱਤੀ। ਲੁਧਿਆਣਾ ‘ਚ 10, ਸੰਗਰੂਰ ‘ਚ 8, ਬਠਿੰਡਾ-ਪਟਿਆਲਾ ‘ਚ 7-7 ਅਤੇ ਜਲੰਧਰ-ਤਰਨਤਾਰਨ ‘ਚ 6-6 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਸ ਤੋਂ ਇਲਾਵਾ ਗੁਰਦਾਸਪੁਰ-ਮੋਹਾਲੀ-ਰੋਪੜ ‘ਚ 5-5, ਕਪੂਰਥਲਾ ‘ਚ 3, ਫ਼ਰੀਦਕੋਟ-ਹੁਸ਼ਿਆਰਪੁਰ-ਮਾਨਸਾ-ਪਠਾਨਕੋਟ ‘ਚ 2-2 ਅਤੇ ਫ਼ਾਜ਼ਿਲਕਾ-ਫ਼ਿਰੋਜ਼ਪੁਰ ‘ਚ 1-1 ਸ਼ਖਸ਼ ਦੀ ਮੌਤ ਦੀ ਖ਼ਬਰ ਹੈ।
ਇਸ ਤੋਂ ਇਲਾਵਾ ਕੋਰੋਨਾ ਦੇ ਤਾਜ਼ਾ ਮਾਮਲਿਆਂ ਦੀ ਗੱਲ ਕਰੀਏ, ਤਾਂ ਪਿਛਲੇ 24 ਘੰਟਿਆਂ ਦੌਰਾਨ ਸੂਬੇ ਭਰ ‘ਚ 4653 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਹਨ। ਸਭ ਤੋਂ ਵੱਡੇ ਹੌਟਸਪੌਟ ਬਣ ਕੇ ਉੱਭਰ ਰਹੇ ਮੋਹਾਲੀ ‘ਚ 792 ਅਤੇ ਲੁਧਿਆਣਾ ‘ਚ 758 ਨਵੇਂ ਮਾਮਲੇ ਸਾਹਮਣੇ ਆਏ ਹਨ। ਜਲੰਧਰ ‘ਚ 380, ਅੰਮ੍ਰਿਤਸਰ ‘ਚ 342 ਅਤੇ ਪਟਿਆਲਾ ‘ਚ 304 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਕੇਂਦਰੀ ਰਾਜ ਮੰਤਰੀ ਨੂੰ ਕੋਰੋਨਾ
ਹੁਸ਼ਿਆਰਪੁਰ ਤੋਂ ਸਾਂਸਦ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਟਵੀਟ ਕਰ ਇਸ ਬਾਰੇ ਜਾਣਕਾਰੀ ਦਿੱਤੀ।
I have tested #COVID positive today. All those who have come in contact with me in the last 2-3 days may please get themselves tested.
— Som Parkash (@SomParkashBJP) April 19, 2021
ਪੰਜਾਬ ‘ਚ ਐੰਟਰੀ ਲਈ ਕੋਰੋਨਾ ਟੈਸਟ ਜ਼ਰੂਰੀ
ਸੂਬੇ ‘ਚ ਰੋਜ਼ਾਨਾ ਸਾਹਮਣੇ ਆ ਰਹੇ ਖ਼ਤਰਨਾਕ ਅੰਕੜਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਕਿਸੇ ਵੀ ਦੂਜੇ ਸੂਬੇ ਤੋਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣਾ ਪਏਗਾ। ਪੰਜਾਬ ਆਉਣ ਵਾਲੇ ਹਰ ਸ਼ਖਸ ਕੋਲ ਉਸਦੀ ਨੈਗੇਟਿਵ RT-PCR ਰਿਪੋਰਟ ਹੋਣੀ ਚਾਹੀਦੀ ਹੈ। ਇਹ ਰਿਪੋਰਟ 72 ਘੰਟੇ ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ।
ਸਮਾਗਮ ਅਟੈਂਡ ਕਰਨ ਤੋਂ ਬਾਅਦ ਹੋਮ ਕੁਆਰੰਟੀਨ ਲਾਜ਼ਮੀ
ਸਰਕਾਰ ਵੱਲੋਂ ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਸ਼ਖਸ ਕਿਸੇ ਧਾਰਮਿਕ, ਸਿਆਸੀ ਜਾਂ ਸਮਾਜਿਕ ਇਕੱਠ ‘ਚ ਸ਼ਾਮਲ ਹੁੰਦਾ ਹੈ, ਤਾਂ ਉਸ ਨੂੰ ਘੱਟੋ-ਘੱਟ 5 ਦਿਨਾਂ ਲਈ ਆਪਣੇ ਘਰ ‘ਚ ਕੁਆਰੰਟੀਨ ਹੋਣਾ ਪਏਗਾ। ਨਾਲ ਹੀ ਕੋਰੋਨਾ ਦਾ ਟੈਸਟ ਕਰਾਉਣਾ ਵੀ ਲਾਜ਼ਮੀ ਹੋਵੇਗਾ।