ਨਵੀਂ ਦਿੱਲੀ। ਦੇਸ਼ ‘ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਹੁਣ ਕੇਂਦਰ ਸਰਕਾਰ ਨੇ ਵੈਕਸੀਨੇਸ਼ਨ ਦਾ ਦਾਇਰਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸੋਮਵਾਰ ਨੂੰ ਦੇਸ਼ ਭਰ ਦੇ ਡਾਕਟਰਾਂ ਨਾਲ ਪੀਐੱਮ ਦੀ ਬੈਠਕ ਤੋਂ ਬਾਅਦ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਰੋਨਾ ਵੈਕਸੀਨ ਲਗਵਾ ਸਕਣਗੇ। ਸਰਕਾਰ ਦਾ ਇਹ ਫ਼ੈਸਲਾ 1 ਮਈ ਤੋਂ ਲਾਗੂ ਹੋਵੇਗਾ।
ਸਰਕਾਰ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਆਪਣੀ 50 ਫ਼ੀਸਦ ਸਪਲਾਈ ਕੇਂਦਰ ਸਰਕਾਰ ਨੂੰ ਕਰਨਗੀਆਂ। ਬਾਕੀ 50 ਫ਼ੀਸਦ ਸਪਲਾਈ ਸੂਬਾ ਸਰਕਾਰਾਂ ਨੂੰ ਕੀਤੀ ਜਾ ਸਕੇਗੀ ਜਾਂ ਓਪਨ ਮਾਰਕਿਟ ‘ਚ ਵੀ ਵੇਚੀ ਜਾ ਸਕਦੀ ਹੈ।
ਪੰਜਾਬ ਸਰਕਾਰ ਨੇ ਰੱਖੀ ਸੀ ਮੰਗ
ਜ਼ਿਕਰੇਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੈਕਸੀਨੇਸ਼ਨ ਦਾ ਦਾਇਰਾ ਵਧਾਉਣ ਲਈ ਲਗਾਤਾਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ। ਸੀਐੱਮ ਕੈਪਟਨ ਅਮਰਿੰਦਰ ਸਿੰਘ ਇਸਦੇ ਲਈ ਪੀਐਮ ਨੂੰ ਕਈ ਵਾਰ ਚਿੱਠੀ ਵੀ ਲਿਖ ਚੁੱਕੇ ਹਨ। ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਾਲ ਹੋਈ ਬੈਠਕ ‘ਚ ਵੀ ਇਹ ਮੰਗ ਰੱਖੀ ਗਈ ਸੀ। ਇਸ ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਵੱਲੋਂ ਵੀ ਕੇਂਦਰ ਸਾਹਮਣੇ ਇਹ ਮੰਗ ਰੱਖੀ ਗਈ ਸੀ।