November 13, 2022
(Bureau Report)
ਪੰਜਾਬੀ ਗਾਣਿਆਂ ਦੇ ਸ਼ੌਕੀਨ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਕਿ ਇਹਨਾਂ ਗਾਣਿਆਂ ਵਿੱਚ AK-47, ਕੱਟਾ, ਬੰਦੂਕ, ਹਥਿਆਰ, ਪਿਸਤੌਲ, ਰਾਈਫਲ ਅਤੇ ਗੋਲੀ ਆਮ ਸ਼ਬਦ ਹਨ। ਨਾਲ ਹੀ ਹਿੰਸਾ ਦੇ ਦ੍ਰਿਸ਼ ਵੀ ਪੰਜਾਬੀ ਗਾਣਿਆਂ ਵਿੱਚ ਕਾਫੀ ਆਮ ਹਨ। ਦਿਲਚਸਪ ਹੈ ਕਿ ਪੰਜਾਬੀ ਖਾਸਕਰ ਜੱਟ ਸਿੱਖ ‘ਗਨ ਕਲਚਰ’ ਨੂੰ ‘ਰੌਹਬ’ ਅਤੇ ‘ਅਣਖ’ ਨਾਲ ਜੋੜ ਕੇ ਵੇਖਦੇ ਹਨ। ਲਿਹਾਜ਼ਾ ਅਜਿਹੇ ਗਾਣੇ ਰਿਲੀਜ਼ ਹੁੰਦੇ ਹੀ ਯੂਟਿਊਬ ‘ਤੇ ਲੱਖਾਂ views ਹਾਸਲ ਕਰ ਲੈਂਦੇ ਹਨ, ਜਦਕਿ ਦੂਜੇ ਪਾਸੇ ਹੋਰਨਾਂ ਪੰਜਾਬੀ ਗਾਣਿਆਂ ਨੂੰ ਓਨਾ ਪਸੰਦ ਨਹੀਂ ਕੀਤਾ ਜਾਂਦਾ।
ਹਾਲਾਂਕਿ ਕਈ ਵਾਰ ਇਹਨਾਂ ਗਾਣਿਆਂ ਦੀ ਸ਼ੁਰੂਆਤ ਵਿੱਚ ਲਿਖ ਦਿੱਤਾ ਜਾਂਦਾ ਹੈ ਕਿ ‘ਗਾਣਾ ਮਹਿਜ਼ ਐਂਟਰਟਨਮੈਂਟ ਲਈ ਬਣਾਇਆ ਗਿਆ ਹੈ। ਇਸ ਵਿੱਚ ਅਸਲੀ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ’, ਪਰ ਗਾਣੇ ਬਣਾਉਣ ਵਾਲੇ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਐਂਟਰਟੇਨਮੈਂਟ ਦੇ ਮਕਸਦ ਨਾਲ ਵਿਖਾਈ ਹੋਈ ਹਰ ਚੀਜ਼ ਇਨਸਾਨ ਦੀ ਜ਼ਿੰਦਗੀ ‘ਤੇ ਅਸਰ ਪਾਉਂਦੀ ਹੈ। ਪੰਜਾਬ ਵਿੱਚ ਲਗਾਤਾਰ ਵਧ ਰਹੇ ਕਰਾਈਮ ਪਿੱਛੇ ਇਸ ਤਰ੍ਹਾਂ ਦੇ ਗਾਣਿਆਂ ਨੂੰ ਹੀ ਵਜ੍ਹਾ ਮੰਨਿਆ ਗਿਆ, ਜਿਹਨਾਂ ਵਿੱਚ ਹਥਿਆਰਾਂ ਦਾ ਖੁੱਲ੍ਹ ਕੇ ਪ੍ਰਦਰਸ਼ਨ ਹੁੰਦਾ ਹੈ, ਪ੍ਰਚਾਰ ਹੁੰਦਾ ਹੈ ਅਤੇ ਬਕਾਇਦਾ ਹਿੰਸਾ ਦੀ ਵਕਾਲਤ ਹੁੰਦੀ ਹੈ। ਅਜਿਹੇ ਵਿੱਚ ਵਾਰ-ਵਾਰ ਇਹਨਾਂ ਗਾਣਿਆਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾਂਦੀ ਰਹੀ, ਪਰ ਸੂਬੇ ਦੀ ਵਿਗੜੀ ਕਾਨੂੰਨ-ਵਿਵਸਥਾ ਤੋਂ ਬਾਅਦ ਹੁਣ ਆਖਰਕਾਰ ਅਜਿਹੇ ਗਾਣਿਆਂ ‘ਤੇ ਬੈਨ ਲਗਾਉਣ ਦਾ ਫ਼ੈਸਲਾ ਹੋਇਆ ਹੈ।
ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੀ ਕਾਨੂੰਨ-ਵਿਵਸਥਾ ਦੇ ਸੁਧਾਰ ਲਈ ਕੁਝ ਜ਼ਰੂਰੀ ਕਦਮ ਚੁੱਕੇ ਹਨ, ਜਿਹਨਾਂ ਵਿੱਚ ਸਭ ਤੋਂ ਮਹੱਤਵਪੂਰਣ ਹੈ ਕਿ ਹਥਿਆਰਾਂ ਦਾ ਪ੍ਰਚਾਰ ਅਤੇ ਹਿੰਸਾ ਦੀ ਵਕਾਲਤ ਕਰਨ ਵਾਲੇ ਗਾਣਿਆਂ ‘ਤੇ ਹੁਣ ਪੂਰਨ ਪਾਬੰਦੀ ਹੋਵੇਗੀ। ਇਹ ਫ਼ੈਸਲਾ ਜ਼ਾਹਿਰ ਤੌਰ ‘ਤੇ ਉਹਨਾਂ ਸੰਗੀਤਕਾਰਾਂ ਲਈ ਬੇਹੱਦ ਪਰੇਸ਼ਾਨ ਕਰਨ ਵਾਲਾ ਹੋਵੇਗਾ, ਜੋ ਅਜਿਹੇ ਸ਼ਬਦਾਂ ਤੇ ਤਸਵੀਰਾਂ ਦੇ ਸਹਾਰੇ ਨਾਲ ਗਾਣਿਆਂ ਤੋਂ ਲੱਖਾਂ ਰੁਪਏ ਕਮਾਉਂਦੇ ਹਨ। ਸਰਕਾਰ ਦਾ ਇਹ ਫ਼ੈਸਲਾ ਜ਼ਾਹਿਰ ਤੌਰ ‘ਤੇ ਉਹਨਾਂ ਲਈ ‘ਸਿਰਦਰਦ’ ਸਾਬਿਤ ਹੋਵੇਗਾ।
ਹੁਣ ਕੁਝ ਅਜਿਹੇ ਕੁਝ ਗਾਣਿਆਂ ਅਤੇ ਗਾਇਕਾਂ ਦੀ ਗੱਲ ਕਰਦੇ ਹਾਂ, ਜਿਹਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਿੱਚ ਭੂਮਿਕਾ ਨਿਭਾਈ ਹੈ।
ਪੰਜਾਬੀ ਗਾਣਿਆਂ ਵਿੱਚ ‘ਗਨ ਕਲਚਰ’ ਦੀ ਸ਼ੁਰੂਆਤ 2001 ਤੋਂ ਹੀ ਮੰਨੀ ਜਾਂਦੀ ਹੈ, ਜਦੋਂ ਪੰਜਾਬੀ ਗਾਇਕ ਬੱਬੂ ਮਾਨ ਦੇ ਗਾਣੇ ‘ਕਬਜ਼ਾ’ ਵਿੱਚ ਨੌਜਵਾਨਾਂ ਨੂੰ ਜ਼ਮੀਨ ਦੇ ਕਬਜ਼ੇ ਲਈ ਰਿਵਾਲਵਰ ਚੁੱਕਣ ਲਈ ਉਕਸਾਇਆ ਗਿਆ ਸੀ। ਗਾਣੇ ਦੇ ਅਲਫਾਜ਼ ਸਨ:- ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ…ਕਰ ਦਿਓ ਵਾਜੇ ਅੱਜ ਮਾਰ-ਮਾਰ ਗੋਲੀਆਂ…ਜਾਣ ਨਹੀਂ ਦੇਣੇ ਸੁੱਕੇ ਵਈ ਪੇਚਾ ਪੈਣਾ ਹੈ…ਚੱਕ ਲਓ ਰਿਵਾਲਵਰ…ਰਫਲਾਂ ਵੀ ਕਬਜ਼ਾ ਲੈਣਾ ਏ...”
ਇਸ ਤੋਂ ਕੁਝ ਸਾਲਾਂ ਬਾਅਦ ਆਇਆ ਬੱਬੂ ਮਾਨ ਦਾ ਇੱਕ ਹੋਰ ਗੀਤ ਨਾ ਸਿਰਫ਼ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ, ਬਲਕਿ ਜੂਏ, ਕਬੂਤਰਬਾਜ਼ੀ ਅਤੇ ਹਿੰਸਾ ਦੀ ਵਕਾਲਤ ਕਰਦਾ ਹੈ। ਗਾਣੇ ਦੇ ਬੋਲ ਹਨ:- ਇੱਕ ਸ਼ੌਂਕ ਕਬੂਤਰਬਾਜ਼ੀ ਦਾ..ਇੱਕ ਚਸਕਾ ਜੂਏ ਦੀ ਬਾਜ਼ੀ ਦਾ..ਦਈਏ ਰੁਤਬਾ ਸਭ ਨੂੰ ਭਾਜੀ ਦਾ..ਜਿਹੜਾ ਅੜੇ ਤਾਂ ਗਾਟਾ ਲਾਹ ਦਈ ਦਾ..ਰੁੱਖ ਮੋੜ ਦਈਏ ਤਲਵਾਰਾਂ ਦਾ..ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ…!
ਬੱਬੂ ਮਾਨ ਤੋਂ ਬਾਅਦ ਗਾਇਕ ਜੈਜ਼ੀ ਬੀ, ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਵਰਗੇ ਗਾਇਕਾਂ ਨੇ ਵੀ ਇਸ ਟ੍ਰੈਂਡ ਨੂੰ ਫੋਲੋ ਕੀਤਾ। ਜ਼ਾਹਿਰ ਹੈ ਜਦੋਂ ਇੱਕ ਗਾਇਕ ਦਾ ਗਾਣਾ ਹਿੱਟ ਹੁੰਦਾ ਹੈ, ਤਾਂ ਜਿਸ ਚੀਜ਼ ਨੇ ਉਸ ਨੂੰ ਪੌਪੂਲਰ ਕੀਤਾ, ਉਸ ਨੂੰ ਹਰ ਕੋਈ ਫੋਲੋ ਜ਼ਰੂਰ ਕਰਦਾ ਹੈ। ਜੈਜ਼ੀ ਬੀ ਦਾ ਗਾਣਾ ‘ਸੂਰਮਾ‘, ਦਿਲਜੀਤ ਦਾ ‘ਜੱਟ ਫਾਇਰ ਕਰਦਾ‘ ਅਤੇ ਗਿੱਪੀ ਗਰੇਵਾਲ ਦਾ ‘ਹਥਿਆਰ‘ ਇਸ ਦੀਆਂ ਬਿਹਤਰੀਨ ਮਿਸਾਲਾਂ ਹਨ।
ਨਵੀਂ ਪੀੜ੍ਹੀ ਦੇ ਪੰਜਾਬੀ ਗਾਇਕਾਂ ਦੀ ਗੱਲ ਕਰੀਏ, ਤਾਂ ਗਾਣਿਆਂ ਵਿੱਚ ਹਥਿਆਰਾਂ ਅਤੇ ਅਣਖ ਦੇ ਇਸ ਕਲਚਰ ਨੂੰ ਮਨਕੀਰਤ ਔਲਖ, ਕਰਨ ਔਜਲਾ, ਅੰਮ੍ਰਿਤ ਮਾਨ ਤੇ ਮਰਹੂਮ ਸਿੱਧੂ ਮੂਸੇਵਾਲਾ ਵਰਗੇ ਗਾਇਕਾਂ ਨੇ ਰੱਜ ਕੇ ਅਡੌਪਟ ਕੀਤਾ। ਇਹਨਾਂ ਗਾਇਕਾਂ ਨੇ ਗਨ ਕਲਚਰ ਨੂੰ ਕੁਝ ਇਸ ਤਰ੍ਹਾਂ ਆਪਣੇ ਗਾਣਿਆਂ ਵਿੱਚ ਥਾਂ ਦਿੱਤੀ, ਕਿ ਇਹਨਾਂ ਦੇ ਬੇਹੱਦ ਘੱਟ ਅਜਿਹੇ ਗਾਣੇ ਹੋਣਗੇ, ਜਿਹਨਾਂ ਵਿਚ ਹਥਿਆਰਾਂ, ਹਿੰਸਾ ਜਾਂ ਡਰੱਗਜ਼ ਨੂੰ ਪ੍ਰਮੋਟ ਨਾ ਕੀਤਾ ਗਿਆ ਹੋਵੇ।
ਮਨਕੀਰਤ ਔਲਖ ਦੇ ਇੱਕ ਗਾਣੇ ਵਿੱਚ ਤਾਂ ਬਕਾਇਦਾ ਗੈਂਗ ਵਾਰ ਦੀ ਗੱਲ ਕੀਤੀ ਗਈ ਹੈ। ਗਾਣੇ ਦੇ ਬੋਲ ਜ਼ਾਹਿਰ ਤੌਰ ‘ਤੇ ਗੈਂਗ ਵਾਰ ਨੂੰ ਪ੍ਰਮੋਟ ਕਰਦੇ ਹਨ। ਬੋਲ ਹਨ:- ਧੜੇ 2 ਆ ਤੇ ਦੋਵੇਂ ਬੜੇ ਅੱਤ ਦੇ ਆ..ਉੰਝ ਹਾਈਕੋਰਟ ਤੱਕ ਰੌਲੇ ਖਪਦੇ ਆ..ਹਿੰਡ ਤਾਂ ਸ਼ਰੀਕਾਂ ‘ਚ ਵੀ ਨਿੱਤ ਚਲਦੀ..ਹੁਣ ਅਸਲੇ UP ਤੋਂ ਜੱਟਾ ਚੱਕ ਲਏ ਆ..ਹੁਣ ਜੇਲ੍ਹ ‘ਚ ਹੀ ਹੋਓ ਨੀ ਦੀਦਾਰ ਯਾਰ ਦਾ..ਪਿੰਡ ਪਿਆ ਸਾਰਾ ਗੈਂਗ ਲੈਂਡ ਬਣਿਆ...ਤੂੰ ਆਖਦੀ ਆ..!!
ਬਹਿਰਹਾਲ, ਸਾਫ ਹੈ ਕਿ ਜੇਕਰ ਪੰਜਾਬ ਵਿੱਚ ਗਨ ਕਲਚਰ ਤੇ ਗੈਂਗਸਟਰਵਾਦ ਤੇ ਠੱਲ ਪਾਉਣੀ ਹੈ ਤਾਂ ਪੰਜਾਬੀ ਗਾਇਕੀ ਦਾ ਰੁਖ਼ ਬਦਲਣ ਦੀ ਲੋੜ ਹੈ। ਲਿਹਾਜ਼ਾ ਪੰਜਾਬ ਸਰਕਾਰ ਦਾ ਅਜਿਹੇ ਗਾਣਿਆਂ ‘ਤੇ ਪਾਬੰਦੀ ਦਾ ਆਦੇਸ਼ ਇਸ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ। ਹਾਲਾਂਕਿ ਸਭ ਤੋਂ ਵੱਡਾ ਰੋਲ ਇਹਨਾਂ ਗਾਇਕਾਂ ਦੇ ਫੈਨਸ ਦਾ ਹੋ ਸਕਦਾ ਹੈ, ਜੋ ਅਜਿਹੇ ਗਾਣਿਆਂ ਨੂੰ ਸੁਣਦੇ ਤੇ ਪਸੰਦ ਕਰਦੇ ਹਨ। ਲੋੜ ਹੈ ਇਹਨਾਂ ਤੋਂ ਕਿਨਾਰਾ ਕਰਨ ਅਤੇ ਇਹਨਾਂ ਖਿਲਾਫ ਆਵਾਜ਼ ਚੁੱਕਣ ਦੀ, ਤਾਂ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਪੰਜਾਬ ਦਾ ਭਵਿੱਖ ਵੀ ਸਵਾਰਿਆ ਜਾ ਸਕੇ।