September 14, 2022
(Chandigarh)
ਪੰਜਾਬ ‘ਚ ਸਰਕਾਰ ਗਿਰਾਉਣ ਦੀ ਕੋਸ਼ਿਸ਼ ਦੇ ਇਲਜ਼ਾਮਾੰ ਤੋੰ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਬੀਜੇਪੀ ‘ਤੇ ਨਵਾੰ ਇਲਜ਼ਾਮ ਲਾਇਆ ਹੈ। ‘ਆਪ’ ਦਾ ਇਲਜ਼ਾਮ ਹੈ ਕਿ ਬੀਜੇਪੀ ਦੀ ਸਾਜ਼ਿਸ਼ ਬੇਪਰਦਾ ਹੋਣ ਤੋੰ ਬਾਅਦ ਹੁਣ ਵਿਧਾਇਕਾੰ ਨੂੰ ਜਾਨੋੰ ਮਾਰਨ ਦੀਆੰ ਧਮਕੀਆੰ ਤੱਕ ਮਿਲਣ ਲੱਗੀਆੰ ਹਨ। ‘ਆਪ’ ਵੱਲੋੰ ਇਸਦੀ ਸ਼ਿਕਾਇਤ ਸੂਬੇ ਦੇ DGP ਨੂੰ ਵੀ ਕੀਤੀ ਗਈ ਹੈ ਅਤੇ ਬਕਾਇਦਾ ਸਬੂਤ ਦਿੱਤੇ ਗਏ ਹਨ। ਦਾਅਵਾ ਹੈ ਕਿ DGP ਨੂੰ ਦਿੱਤੀ ਸ਼ਿਕਾਇਤ ਦੇ ਨਾਲ ਵਿਧਾਇਕਾੰ ਨੂੰ ਖਰੀਦਣ ਅਤੇ ਜਾਨੋੰ ਮਾਰਨ ਦੀ ਧਮਕੀ ਨਾਲ ਜੁੜੇ ਹਰ ਤਰ੍ਹਾੰ ਦੇ ਸਬੂਤ ਮੁਹੱਈਆ ਕਰਵਾਏ ਗਏ ਹਨ।
ਸ਼ੀਤਲ ਅੰਗੁਰਾਲ ਨੂੰ ਜਾਨੋੰ ਮਾਰਨ ਦੀ ਧਮਕੀ !
‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦਾ ਦਾਅਵਾ ਹੈ ਕਿ ਬੀਤੇ ਦਿਨ ਪ੍ਰੈੱਸ ਕਾਨਫ਼ਰੰਸ ਤੋੰ ਬਾਅਦ ਉਹਨਾੰ ਨੂੰ ਅਤੇ ਉਹਨਾੰ ਦੇ ਪਰਿਵਾਰ ਨੂੰ ਜਾਨੋੰ ਮਾਰਨ ਦੀਆੰ ਧਮਕੀਆੰ ਦਿੱਤੀਆੰ ਗਈਆੰ। ਉਹਨਾੰ ਕਿਹਾ ਕਿ ਇਹ ਇਲਜ਼ਾਮ ਸਾਬਿਤ ਕਰਨ ਲਈ ਸਾਰੇ ਸਬੂਤ ਉਹਨਾੰ ਦੇ ਕੋਲ ਮੌਜੂਦ ਹਨ, ਜੋ ਬੇਹੱਦ ਮਜਬੂਤ ਸਬੂਤ ਹਨ। ਅੰਗੁਰਾਲ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ ਅਤੇ ਇਹਨਾੰ ਧਮਕੀਆੰ ਤੋੰ ਡਰਨ ਵਾਲੇ ਨਹੀੰ।
’10 ਵਿਧਾਇਕਾੰ ਨੂੰ ਫੋਨ, 35 ਖਰੀਦਣ ਦੀ ਕੋਸ਼ਿਸ਼’
ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਕਿ ਬੀਜੇਪੀ ਦੇ ਆਗੂਆੰ ਵੱਲੋੰ ਉਹਨਾੰ ਦੇ 10 ਵਿਧਾਇਕਾੰ ਨੂੰ ਫੋਨ ਕੀਤੇ ਗਏ ਹਨ ਅਤੇ ਵੱਡੇ ਅਹੁਦਿਆੰ ਦਾ ਲਾਲਚ ਦਿੱਤਾ ਜਾ ਰਿਹਾ ਹੈ। ਉਹਨਾੰ ਕਿਹਾ ਕਿ ਬੀਜੇਪੀ ਵਿੱਚ ਨਾ ਆਉਣ ‘ਤੇ ਉਹਨਾੰ ਨੂੰ ਜਾਨੋੰ ਮਾਰਨ ਦੀਆੰ ਧਮਕੀਆੰ ਮਿਲ ਰਹੀਆੰ ਹਨ। ਚੀਮਾ ਨੇ ਦਾਅਵਾ ਕੀਤਾ ਕਿ ਉਹਨਾੰ ਦੀ ਪਾਰਟੀ ਦੇ ਕੁੱਲ 35 ਵਿਧਾਇਕਾੰ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ।
25-25 ਕਰੋੜ ‘ਚ ‘ਬਾਬੂ ਜੀ’ ਦੇ ਰਹੇ ਆਫਰ- ਚੀਮਾ
ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਹੀ ਇਲਜ਼ਾਮ ਲਾਇਆ ਸੀ ਕਿ ਬੀਜੇਪੀ ਪੰਜਾਬ ‘ਚ ਆਪਰੇਸ਼ਨ ਲੋਟਸ ਚਲਾ ਰਹੀ ਹੈ ਅਤੇ ਉਹਨਾੰ ਦੇ ਵਿਧਾਇਕਾੰ ਨੂੰ 25-25 ਕਰੋੜ ਦਾ ਆਫਰ ਆ ਰਿਹਾ ਹੈ। (ਪੜ੍ਹੋ ਪੂਰੀ ਖ਼ਬਰ)