ਬਿਓਰੋ। ਪੰਜਾਬ ਕਾਂਗਰਸ ਨੂੰ ਲੈ ਕੇ ਸਿਆਸੀ ਸਰਗਰਮੀਆਂ ਇਸ ਵੇਲੇ ਪੂਰੇ ਸਿਖਰਾਂ ‘ਤੇ ਹਨ। ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਕਾਂਗਰਸ ‘ਚ ਫੇਰਬਦਲ ਦੀਆਂ ਅਟਕਲਾਂ ਦਾ ਬਜ਼ਾਰ ਗਰਮ ਹੈ। ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣਾ ਲਗਭਗ ਤੈਅ ਹੈ, ਪਰ ਇਸ ਵਿਚਾਲੇ ਕੈਪਟਨ ਦੀ ਨਰਾਜ਼ਗੀ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
ਮੀਡੀਆ ਰਿਪੋਰਟਾਂ ‘ਚ ਇਥੋਂ ਤੱਕ ਕਿਹਾ ਗਿਆ ਹੈ ਕਿ ਜੇਕਰ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਗਈ, ਤਾਂ ਕੈਪਟਨ ਸੀਐੱਮ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਚੋਣਾਂ ਤੋਂ ਕਿਨਾਰਾ ਕਰ ਲੈਣਗੇ। ਪਰ ਇਹਨਾਂ ਖ਼ਬਰਾਂ ਦਾ ਹੁਣ ਖੁਦ ਮੁੱਖ ਮੰਤਰੀ ਨੇ ਖੰਡਨ ਕੀਤਾ ਹੈ।
ਸੀਐੱਮ ਵੱਲੋਂ ਉਹਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਅਤੇ ਕਿਹਾ, “ਮੁੱਖ ਮੰਤਰੀ ਨੇ ਅਸਤੀਫ਼ਾਂ ਦੇਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਬਕਵਾਸ ਹਨ। ਉਹਨਾਂ ਨੇ ਨਾ ਤਾਂ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਪੇਸ਼ਕਸ਼ ਕੀਤੀ ਹੈ। ਉਹ 2017 ਵਾਂਗ ਹੀ 2022 ਵਿੱਚ ਵੀ ਕਾਂਗਰਸ ਦੀ ਜਿੱਤ ਲਈ ਪਾਰਟੀ ਦੀ ਅਗਵਾਈ ਕਰਨਗੇ। ਮੀਡੀਆ ਨੂੰ ਅਪੀਲ ਹੈ ਕਿ ਅਜਿਹੀਆਂ ਅਟਕਲਾਂ ਲਗਾਉਣਾ ਅਤੇ ਗਲਤ ਜਾਣਕਾਰੀ ਫੈਲਾਉਣਾ ਬੰਦ ਕਰੇ।”
Media reports of CM @capt_amarinder resigning are humbug. He has neither quit nor offered to do so. He’ll lead @INCPunjab to victory in 2022 Assembly polls as he did in 2017. Urge media to stop speculating & spreading misinformation. pic.twitter.com/MAl24yeQqk
— Raveen Thukral (@RT_MediaAdvPBCM) July 15, 2021
ਨਰਾਜ਼ ਆਗੂਆਂ ਨਾਲ ਸਿੱਧੂ ਦੀ ਬੈਠਕ
ਪੰਜਾਬ ਕਾਂਗਰਸ ਦੀ ਕਮਾਨ ਮਿਲਣ ਦੀਆਂ ਖ਼ਬਰਾਂ ਵਿਚਾਲੇ ਨਵਜੋਤ ਸਿੰਘ ਸਿੱਧੂ ਵੀ ਸਰਗਰਮ ਹਨ। ਸਿੱਧੂ ਨੇ ਦੇਰ ਸ਼ਾਮ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ, ਇਸ ਬੈਠਕ ‘ਚ ਮੰਤਰੀ ਰੰਧਾਵਾ ਤੋਂ ਇਲਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਮੌਜੂਦ ਸਨ। ਨਾਲ ਹੀ ਵਿਧਾਇਕ ਪਰਗਟ ਸਿੰਘ, ਕੁਲਬੀਰ ਜ਼ੀਰਾ, ਸੁਰਜੀਤ ਧੀਮਾਨ ਅਤੇ ਬਰਿੰਦਰਮੀਤ ਸਿੰਘ ਪਾਹੜਾ ਵੀ ਇਸ ਬੈਠਕ ‘ਚ ਸ਼ਾਮਲ ਹੋਏ।
#WATCH | Punjab Congress leader Navjot Singh Sidhu leaves the residence of Minister Sukhjinder Singh Randhawa after a meeting with party leaders Charanjit Singh Channi, Pargat Singh, and Tript Rajinder Bajwa in Chandigarh pic.twitter.com/1eSkHtRhrK
— ANI (@ANI) July 15, 2021
ਕੈਪਟਨ ਦੇ ਘਰ ਵੀ ਆਗੂਆਂ ਦਾ ਜਮਾਵੜਾ
ਓਧਰ ਸੀਐੱਮ ਕੈਪਟਨ ਦੇ ਘਰ ਵੀ ਹਲਚਲ ਤੇਜ਼ ਹੈ। ਕਈ ਮੰਤਰੀ, ਵਿਧਾਇਕ ਅਤੇ ਸਾਂਸਦ ਸੀਐੱਮ ਦੀ ਰਿਹਾਇਸ਼ ‘ਤੇ ਉਹਨਾਂ ਨੂੰ ਮਿਲਣ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਇਹਨਾਂ ਬੈਠਕਾਂ ਜ਼ਰੀਏ ਹਾਈਕਮਾਂਡ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਸੂਤਰਾਂ ਮੁਤਾਬਕ, ਕੈਪਟਨ ਹਾਲੇ ਵੀ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਖਿਲਾਫ਼ ਹਨ ਅਤੇ ਇਸੇ ਲਈ ਹਾਈਕਮਾਂਡ ਵੱਲੋਂ ਰਸਮੀ ਐਲਾਨ ‘ਚ ਦੇਰੀ ਹੋ ਰਹੀ ਹੈ।
ਸੁਨੀਲ ਜਾਖੜ ਕਿਥੇ ਹਨ?
ਇਸ ਪੂਰੀ ਸਿਆਸੀ ਹਲਚਲ ਵਿਚਾਲੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਗਾਇਬ ਹਨ। ਉਹ ਨਾ ਤਾਂ ਕੈਪਟਨ ਅਤੇ ਨਾ ਹੀ ਸਿੱਧੂ ਧੜੇ ਦੇ ਨਾਲ ਨਜ਼ਰ ਆ ਰਹੇ ਹਨ। ਲਿਹਾਜ਼ਾ ਜਾਖੜ ਫਿਲਹਾਲ Wait and Watch ਸਥਿਤੀ ‘ਚ ਹਨ। ਵੈਸੇ ਜਾਖੜ ਇਕੱਲੇ ਨਹੀਂ ਹਨ। ਜਾਖੜ ਤੋਂ ਇਲਾਵਾ ਮਨਪ੍ਰੀਤ ਬਾਦਲ ਸਣੇ ਕਈ ਹੋਰ ਦਿੱਗਜ ਵੀ ਫਿਲਹਾਲ ਖਾਮੋਸ਼ ਹਨ।