ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਨਾਲ ਲਗਾਤਾਰ ਵਿਗੜ ਰਹੇ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਮਂੇਂ-ਸਮੇਂ ‘ਤੇ ਸੂਬੇ ‘ਚ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹਨਾਂ ਪਾਬੰਦੀਆਂ ਦੇ ਬਾਵਜੂਦ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਲਿਹਾਜ਼ਾ ਸਰਕਾਰ ਨੇ ਹੋਰ ਸਖਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਹੋਈ ਕੋਵਿਡ ਰਿਵਿਊ ਮੀਟਿੰਗ ਤੋਂ ਬਾਅਦ ਸਰਕਾਰ ਨੇ ਨਵੀਆਂ ਬੰਦਸ਼ਾਂ ਦਾ ਐਲਾਨ ਕੀਤਾ।
ਨਾਈਟ ਕਰਫ਼ਿਊ ਦਾ ਸਮਾਂ ਵਧਿਆ
ਸੂਬਾ ਸਰਕਾਰ ਵੱਲੋਂ ਨਾਈਟ ਕਰਫ਼ਿਊ ਦਾ ਟਾਈਮ ਵਧਾ ਕੇ ਰਾਤ 8 ਵਜੇ ਕਰ ਦਿੱਤਾ ਗਿਆ ਹੈ। ਯਾਨੀ ਰਾਤ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕੋਈ ਵੀ ਸ਼ਖਸ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਘਰੋਂ ਬਾਹਰ ਨਹੀਂ ਨਿਕਲ ਸਕਦਾ।
ਐਤਵਾਰ ਨੂੰ ਵਿਸ਼ੇਸ਼ ਸਖਤੀ
ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਐਤਵਾਰ ਨੂੰ ਸੂਬੇ ‘ਚ ਲਗਭਗ ਲਾਕਡਾਊਨ ਵਰਗੇ ਹਾਲਾਤ ਹੋਣਗੇ। ਐਤਵਾਰ ਨੂੰ ਸਾਰੇ ਮਾਲ, ਦੁਕਾਨਾਂ ਅਤੇ ਬਜ਼ਾਰ ਬੰਦ ਰੱਖਣ ਲਈ ਕਿਹਾ ਗਿਆ ਹੈ। ਹੋਟਲ ਅਤੇ ਰੈਸਟੋਰੈਂਟ ਵੀ ਐਤਵਾਰ ਨੂੰ ਬੰਦ ਰਹਿਣਗੇ।
ਸੋਮਵਾਰ ਤੋਂ ਸ਼ਨੀਵਾਰ ਤੱਕ ਪਾਬੰਦੀਆਂ
ਐਤਵਾਰ ਤੋਂ ਬਿਨ੍ਹਾਂ ਬਾਕੀ ਦਿਨਾਂ ਦੀ ਗੱਲ ਕਰੀਏ, ਤਾਂ ਸਿਨੇਮਾ ਹਾਲ, ਬਾਰ, ਜਿਮ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ 30 ਅਪ੍ਰੈਲ ਤੱਕ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸੋਮਵਾਰ ਤੋਂ ਸ਼ਨੀਵਾਰ ਤੱਕ ਲੋਕਾਂ ਨੂੰ ਹੋਟਲ-ਰੈਸਟੋਰੈਂਟ ‘ਚ ਬਹਿ ਕੇ ਖਾਣ-ਪੀਣ ਦੀ ਇਜਾਜ਼ਤ ਨਹੀਂ ਹੋਵੇਗੀ। ਸੋਮਵਾਰ ਤੋਂ ਸ਼ਨੀਵਾਰ ਤੱਕ Take Away ਜਾਂ Home Delivery ਦੀ ਇਜਾਜ਼ਤ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਹਫ਼ਤਾਵਾਰ ਬਜ਼ਾਰ ਬੰਦ ਕਰਨ ਦਾ ਵੀ ਸਰਕਾਰ ਨੇ ਆਦੇਸ਼ ਦਿੱਤਾ ਹੈ। ਫਿਲਹਾਲ 30 ਅਪ੍ਰੈਲ ਤੱਕ ਹਫ਼ਤਾਵਾਰ ਬਜ਼ਾਰ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਵਿਆਹ ਸਮਾਗਮਾਂ ਲਈ ਲੈਣੀ ਹੋਵੇਗੀ ਇਜਾਜ਼ਤ
ਸਰਕਾਰ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਸੂਬੇ ‘ਚ ਹੋਣ ਵਾਲੇ ਵਿਆਹ ਸਮਾਗਮਾਂ ਸਣੇ ਕਿਸੇ ਵੀ ਤਰ੍ਹਾਂ ਦੇ ਇਕੱਠ ‘ਚ 20 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਣਗੇ। ਹਾਲਾਂਕਿ ਸਸਕਾਰ ਨੂੰ ਛੱਡ ਕਿਸੇ ਵੀ ਤਰ੍ਹਾਂ ਦੇ 10 ਤੋਂ ਵੱਧ ਲੋਕਾਂ ਦੇ ਇਕੱਠ ਵਾਲੇ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਏਗੀ।
ਪਬਲਿਕ ਟਰਾਂਸਪੋਰਟ ‘ਚ 50% ਸਮਰੱਥਾ ਦੀ ਇਜਾਜ਼ਤ
ਮੁੱਖ ਮੰਤਰੀ ਵੱਲੋਂ ਟਰਾਂਸਪੋਰਟ ਵਿਭਾਗ ਨੂੰ ਵੀ ਆਦੇਸ਼ ਦਿੱਤਾ ਗਿਆ ਹੈ ਕਿ ਬੱਸਾਂ, ਟੈਕਸੀਆਂ ਅਤੇ ਆਟੋਜ਼ ‘ਚ 50% ਸਮਰੱਥਾ ਦੀ ਹੀ ਇਜਾਜ਼ਤ ਦਿੱਤੀ ਜਾਵੇ। ਸੀਐੱਮ ਨੇ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਰੈਪਿਡ ਟੈਸਟਿੰਗ ਬੂਥ ਬਣਾਏ ਜਾਣ ਦਾ ਵੀ ਨਿਰਦੇਸ਼ ਦਿੱਤਾ, ਤਾਂ ਜੋ ਯਾਤਰੀਆਂ ਦਾ ਟੈਸਟ ਕੀਤਾ ਜਾ ਸਕੇ।