ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਮਰੀਜ਼ਾਂ ਅਤੇ ਮੌਤਾਂ ਦੇ ਅੰਕੜੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਚੁੱਕੇ ਹਨ। ਸਭ ਤੋਂ ਅਹਿਮ ਗੱਲ ਇਹ ਕਿ ਮੌਜੂਦਾ ਸਮੇਂ ‘ਚ ਵੀ ਸੂਬੇ ਦੇ ਕਰੀਬ 10 ਹਜ਼ਾਰ ਲੋਕ ਆਕਸੀਜ਼ਨ ਸੁਪੋਰਟ ‘ਤੇ ਹਨ, ਪਰ ਚਿੰਤਾ ਦੀ ਗੱਲ ਇਹ ਹੈ ਕਿ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵੀ ਇਸ ਵੇਲੇ ਆਕਸੀਜ਼ਨ ਦੇ ਸੰਕਟ ਨਾਲ ਦੋ-ਚਾਰ ਹੋ ਰਿਹਾ ਹੈ। ਲਿਹਾਜ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ‘ਦਿੱਲੀ’ ਦਾ ਬੂਹਾ ਖੜਕਾਇਆ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਨੇੜਲੇ ਸਰੋਤਾਂ ਤੋਂ 50 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜ਼ਨ (ਐੱਲ.ਐੱਮ.ਓ.) ਅਤੇ ਬੋਕਾਰੋ ਤੋਂ ਐੱਲ.ਐੱਮ.ਓ. ਦੀ ਸਮੇਂ ਸਿਰ ਨਿਕਾਸੀ ਲਈ 20 ਆਕਸੀਜ਼ਨ ਟੈਂਕਰਾਂ(ਰੇਲ ਸਫਰ ਦੇ ਅਨੁਕੂਲ) ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ‘ਚ ਵੱਧ ਰਹੇ ਕੇਸਾਂ ਦੇ ਦਬਾਅ ਨਾਲ ਉਹ ਆਕਸੀਜਨ ਦੀ ਘਾਟ ਕਾਰਨ ਲੈਵਲ-2 ਤੇ ਲੈਵਲ-3 ਦੇ ਬਿਸਤਰਿਆਂ ਨੂੰ ਵਧਾਉਣ ਵਿੱਚ ਅਸਮਰੱਥ ਹਨ। ਸੂਬੇ ਨੂੰ ਆਕਸੀਜਨ ਬਿਸਤਰਿਆਂ ਦੀ ਘਾਟ ਹੋਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਗੱਲ ਵੀ ਇਸ਼ਾਰਾ ਕੀਤਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਸਥਾਨਕ ਉਦਯੋਗਾਂ ਨੂੰ ਵਾਹਗਾ ਅਟਾਰੀ ਸਰਹੱਦ ਰਾਹੀਂ ਜੋ ਕਿ ਭੂਗੋਲਿਕ ਤੌਰ ‘ਤੇ ਨੇੜੇ ਹੈ, ਐਲ.ਐਮ.ਓ. ਦੀ ਪਾਕਿਸਤਾਨ ਤੋਂ ਦਰਾਮਦ ਦੀ ਆਗਿਆ ਦੇਣ ਦੀ ਅਸਮਰੱਥਾ ਜ਼ਾਹਰ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ, ” ਮੈਨੂੰ ਇਹ ਦੱਸਦਿਆਂ ਅਫਸੋਸ ਹੋ ਰਿਹਾ ਹੈ ਕਿ ਸਾਨੂੰ ਬਦਲਵੇਂ ਸ੍ਰੋਤਾਂ ਤੋਂ ਲੋੜੀਂਦੀ ਸਪਲਾਈ ਦਾ ਭਰੋਸਾ ਦੇਣ ਦੇ ਬਾਵਜੂਦ ਅਜਿਹਾ ਨਹੀਂ ਵਾਪਰਿਆ।”
‘ਪੰਜਾਬ ਨੂੰ ਆਪਣੇ ਕੋਟੇ ਦੀ ਆਕਸੀਜ਼ਨ ਨਹੀਂ ਮਿਲ ਰਹੀ’
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਬਾਹਰੋਂ ਐਲ.ਐਮ.ਓ. ਦੀ ਕੁੱਲ ਸਪਲਾਈ ਮੌਜੂਦਾ ਸਮੇਂ 195 ਮੀਟਰਿਕ ਟਨ ਮਿਲ ਰਹੀ ਹੈ, ਜਿਸ ਵਿੱਚੋਂ 90 ਮੀਟਰਿਕ ਟਨ ਪੂਰਬੀ ਭਾਰਤ ਦੇ ਬੋਕਾਰੋ ਤੋਂ ਮਿਲ ਰਹੀ ਹੈ। ਬਾਕੀ 105 ਮੀਟਰਿਕ ਟਨ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਐਲ.ਐਮ.ਓ. ਕੇਂਦਰਾਂ ਤੋਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੋਜ਼ਾਨਾ ਦਾ ਨਿਰਧਾਰਤ ਕੋਟਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦਾ ਪਾਣੀਪਤ (ਹਰਿਆਣਾ) ਤੋਂ 5.6 ਮੀਟਰਿਕ ਟਨ, ਸੈਲਾ ਕੁਈ, ਦੇਹਰਾਦੂਨ (ਉਤਰਾਖੰਡ) ਤੋਂ 100 ਮੀਟਰਿਕ ਟਨ ਅਤੇ ਰੁੜਕੀ ਤੋਂ 10 ਮੀਟਰਿਕ ਟਨ ਦਾ ਬੈਕਲਾਗ ਪਿਆ ਹੈ।
‘ਸਪਲਾਈ ‘ਚ ਵਿਘਨ ਪਿਆ, ਤਾਂ ਕਈ ਜਾਨਾਂ ਨੂੰ ਖ਼ਤਰਾ’
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਹੁਣ ਕੇਂਦਰ ਨੇ ਇਹ ਕਿਹਾ ਹੈ ਕਿ ਪਾਣੀਪਤ ਤੇ ਬੜੋਤੀਵਾਲਾ ਤੋਂ ਐਲ.ਐਮ.ਓ. ਦੀ ਸਪਲਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਪਹਿਲਾਂ ਹੀ ਆਕਸੀਜਨ ਦੀ ਸੀਮਤ ਉਪਲੱਬਧਤਾ ਪ੍ਰਭਾਵਿਤ ਹੋਵੇਗੀ, ਜਿਸਦੇ ਚਲਦੇ ਮੈਡੀਕਲ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਸਕਦੇ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸੂਬੇ ਨੂੰ ਨੇੜਲੇ ਵਾਧੂ ਸ੍ਰੋਤਾਂ ਤੋਂ ਤੁਰੰਤ ਸਪਲਾਈ ਭੇਜ ਕੇ ਇਸ ਦੀ ਭਰਪਾਈ ਕੀਤੀ ਜਾਣੀ ਚਾਹੀਦੀ ਹੈ।
ਕੇਂਦਰ ਦਖਲ ਦੇ ਕੇ ਮਾਮਲਾ ਹੱਲ ਕਰਾਵੇ- ਕੈਪਟਨ
ਟੈਂਕਰਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ 2 ਖਾਲੀ ਟੈਂਕਰ ਹਵਾਈ ਮਾਰਗ ਰਾਹੀਂ ਰੋਜ਼ਾਨਾ ਰਾਂਚੀ ਭੇਜ ਰਿਹਾ ਹੈ ਅਤੇ ਭਰੇ ਹੋਏ ਟੈਂਕਰ 48-50 ਘੰਟਿਆਂ ਦੇ ਸੜਕੀ ਸਫਰ ਰਾਹੀਂ ਬੋਕਾਰੋ ਤੋਂ ਵਾਪਸ ਆਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਬੋਕਾਰੋ ਤੋਂ ਰੋਜ਼ਾਨਾ 90 ਮੀਟਰਿਕ ਟਨ ਦੀ ਨਿਯਮਿਤ ਨਿਕਾਸੀ ਲਈ ਭਾਰਤ ਸਰਕਾਰ ਨੂੰ 20 ਵਾਧੂ ਟੈਂਕਰ (ਰੇਲ ਸਫਰ ਦੇ ਅਨੁਕੂਲ) ਅਲਾਟ ਕਰਨ ਦੀ ਅਪੀਲ ਕੀਤੀ ਸੀ ਪਰ ਸੂਬੇ ਨੂੰ ਇਹ ਦੱਸਿਆ ਗਿਆ ਕਿ ਸਿਰਫ 2 ਟੈਂਕਰ ਹੀ ਮੁਹੱਈਆ ਕਰਵਾਏ ਜਾਣਗੇ ਪਰ ਉਹ ਵੀ ਅਜੇ ਮਿਲਣੇ ਬਾਕੀ ਹਨ। ਉਨ੍ਹਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਤੁਰੰਤ ਹੀ ਇਸ ਮਾਮਲੇ ਵਿੱਚ ਦਖਲ ਦੇ ਕੇ ਇਸ ਵੱਡੇ ਸੰਕਟ ਨੂੰ ਹੱਲ ਕਰਨ ਦੀ ਅਪੀਲ ਕੀਤੀ।