ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੀ ਖ਼ਤਰਨਾਕ ਰਫ਼ਤਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੂਬੇ ‘ਚ ਤਾਜ਼ਾ ਅੰਕੜੇ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ। ਪਹਿਲੀ ਵਾਰ ਪੰਜਾਬ ‘ਚ 24 ਘੰਟਿਆਂ ਦੌਰਾਨ 173 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਜਦਕਿ 7601 ਨਵੇਂ ਮਰੀਜ਼ ਸਾਹਮਣੇ ਆਏ ਹਨ।
ਲੁਧਿਆਣਾ ‘ਚ ਕੋਰੋਨਾ ਦੀ ‘ਬ੍ਰੇਕ ਫੇਲ੍ਹ’ !
ਪੰਜਾਬ ‘ਚ ਕੋਰੋਨਾ ਨਾਲ ਜ਼ਿਲ੍ਹਾ ਲੁਧਿਆਣਾ ਸਭ ਤੋਂ ਵੱਧ ਪ੍ਰਭਾਵਿਤ ਹੈ। ਪਿਛਲੇ ਕਈ ਦਿਨਾਂ ਤੋਂ ਇਥੇ ਲਗਾਤਾਰ 1000 ਤੋਂ ਉੱਪਰ ਕੇਸ ਸਾਹਮਣੇ ਆ ਰਹੇ ਹਨ। ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਵੀ ਲੁਧਿਆਣਾ ‘ਚ ਬੇਅਸਰ ਹੀ ਸਾਬਿਤ ਹੋ ਰਹੀਆਂ ਹਨ। ਤਾਜ਼ਾ ਅੰਕੜੇ ਦੱਸਦੇ ਹਨ ਕਿ ਲੁਧਿਆਣਾ ‘ਚ ਪਿਛਲੇ 24 ਘੰਟਿਆਂ ਦੌਰਾਨ 1347 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 20 ਮਰੀਜ਼ਾਂ ਨੇ ਕੋਰੋਨਾ ਤੋਂ ਹਾਰ ਮੰਨਦੇ ਹੋਏ ਦਮ ਤੋੜ ਦਿੱਤਾ।
ਬਾਕੀ ਮਹਾਂਨਗਰਾਂ ‘ਚ ਵੀ ਹਾਲ ਬੇਹਾਲ
ਸੂਬੇ ਦੇ ਬਾਕੀ ਮਹਾਂਨਗਰਾਂ ਦੀ ਗੱਲ ਕਰੀਏ, ਤਾਂ ਇਥੇ ਵੀ ਹਾਲ ਕੋਈ ਬਹੁਤੇ ਚੰਗੇ ਨਹੀਂ। ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ‘ਤੇ ਝਾਤ ਮਾਰੀਏ, ਤਾਂ ਬਠਿੰਡਾ ‘ਚ 20, ਅੰਮ੍ਰਿਤਸਰ-ਪਟਿਆਲਾ ‘ਚ 16-16, ਮੋਹਾਲੀ ‘ਚ 12 ਲੋਕਾਂ ਦੀ ਕੋਰੋਨਾ ਨੇ ਜਾਨ ਲੈ ਲਈ। ਬਾਕੀ ਜ਼ਿਲ੍ਹਿਆਂ ਦਾ ਹਾਲ ਵੀ ਤੁਹਾਡੇ ਸਾਹਮਣੇ ਹੈ।
ਨਵੇਂ ਕੋਰੋਨਾ ਮਰੀਜ਼ਾਂ ਦੀ ਗੱਲ ਕਰੀਏ, ਤਾਂ ਲੁਧਿਆਣਾ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਿਤ ਮੋਹਾਲੀ ‘ਚ 847 ਅਤੇ ਬਠਿੰਡਾ ‘ਚ 803 ਲੋਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜਲੰਧਰ ‘ਚ 733, ਅੰਮ੍ਰਿਤਸਰ ‘ਚ 674 ਅਤੇ ਪਟਿਆਲਾ ‘ਚ 640 ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ।