Home Election ਕੇਜਰੀਵਾਲ ਦੀ ਬਿਜਲੀ 'ਗਾਰੰਟੀ'...ਪੰਜਾਬੀਆਂ ਦੇ ਦਿਲਾਂ 'ਚ ਵਜਾਏਗੀ ਘੰਟੀ ?

ਕੇਜਰੀਵਾਲ ਦੀ ਬਿਜਲੀ ‘ਗਾਰੰਟੀ’…ਪੰਜਾਬੀਆਂ ਦੇ ਦਿਲਾਂ ‘ਚ ਵਜਾਏਗੀ ਘੰਟੀ ?

ਚੰਡੀਗੜ੍ਹ। ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੇ ਪਹਿਲੇ ਚੋਣ ਵਾਅਦੇ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਚੋਣ ਬਿਗੁਲ ਵਜਾ ਦਿੱਤਾ ਹੈ। ਪਹਿਲਾਂ ਤੋਂ ਹੀ ਤੈਅ ਐਲਾਨ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਤੋਂ ਪੰਜਾਬ ਦੇ ਲੋਕਾਂ ਲਈ ਮੁਫਤ ਬਿਜਲੀ ਦਾ ਵਾਅਦਾ ਕੀਤਾ। ਹਾਲਾਂਕਿ ਕੇਜਰੀਵਾਲ ਇਸ ਨੂੰ ਚੁਣਾਵੀ ਐਲਾਨ ਘੱਟ, ਪਰ ਕੇਜਰੀਵਾਲ ਦੀ ਗਾਰੰਟੀ ਵੱਧ ਦੱਸਦੇ ਨਜ਼ਰ ਆਏ।

ਕੇਜਰੀਵਾਲ ਦੇ ਤਿੰਨ ਵੱਡੇ ਐਲਾਨ

ਚੰਡੀਗੜ੍ਹ ‘ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਪੰਜਾਬ ਲਈ 3 ਅਹਿਮ ਐਲਾਨ ਕੀਤੇ। ਕੇਜਰੀਵਾਲ ਨੇ ਕਿਹਾ-

  1. ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਵੇਗੀ।
  2. ਪੰਜਾਬ ਦੇ ਲੋਕਾਂ ਦਾ ਬਕਾਇਆ ਘਰੇਲੂ ਬਿਜਲੀ ਬਿੱਲ ਪੂਰਾ ਮੁਆਫ਼ ਕੀਤਾ ਜਾਵੇਗਾ। ਬਿੱਲ ਨਾ ਦੇਣ ‘ਤੇ ਕੱਟੇ ਗਏ ਬਿਜਲੀ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।
  3. ‘ਸਰਪਲੱਸ’ ਪੰਜਾਬ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਬਿਜਲੀ ਕੱਟ ਨਹੀਂ ਲਗਾਏ ਜਾਣਗੇ।

‘ਪਹਿਲੀ ਕੈਬਨਿਟ ‘ਚ ਹੋਵੇਗਾ ਫ਼ੈਸਲਾ’

ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਿਸੰਘ ਵੀ ਕੇਜਰੀਵਾਲ ਦੇ ਨਿਸ਼ਾਨੇ ‘ਤੇ ਰਹੇ। ਕੈਪਟਨ ‘ਤੇ ਹਮਲਾ ਬੋਲਦਿਆਂ ਕੇਜਰੀਵਾਲ ਨੇ ਕਿਹਾ, “ਇਹ ਕੈਪਟਨ ਦਾ ਵਾਅਦਾ ਨਹੀਂ, ਕੇਜਰੀਵਾਲ ਦੀ ਗਾਰੰਟੀ ਹੈ। ਕੈਪਟਨ ਨੂੰ ਆਪਣੇ ਚੋਣ ਵਾਅਦੇ ਪੂਰੇ ਕਰਨ ਨੂੰ ਬੇਸ਼ੱਕ ਸਾਢੇ 4 ਸਾਲ ਤੋਂ ਵੀ ਵੱਧ ਦਾ ਸਮਾਂ ਲੱਗ ਗਿਆ, ਪਰ ‘ਆਪ’ ਦੀ ਸਰਕਾਰ ਸੱਤਾ ‘ਚ ਆਉਂਦੇ ਹੀ ਸਭ ਤੋਂ ਪਹਿਲਾਂ ਮੁਫਤ ਬਿਜਲੀ ਦਾ ਫ਼ੈਸਲਾ ਕਰੇਗੀ।” ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪਹਿਲੀ ਕੈਬਨਿਟ ਮੀਟਿੰਗ ‘ਚ ਹੀ ਇਸ ਫ਼ੈਸਲੇ ‘ਤੇ ਮੁਹਰ ਲਗਾਈ ਜਾਵੇਗੀ।

’24 ਘੰਟੇ ਬਿਜਲੀ ਤੁਰੰਤ ਸੰਭਵ ਨਹੀਂ’

ਹਾਲਾਂਕਿ ਇਸ ਦੌਰਾਨ ਕੇਜਰੀਵਾਲ ਨੇ ਇਹ ਵੀ ਕਿਹਾ ਕਿ 24 ਘੰਟੇ ਬਿਜਲੀ ਮੁਹੱਈਆ ਕਰਵਾਉਣਾ ਸੱਤਾ ‘ਚ ਆਉਂਦੇ ਸਾਰ ਸੰਭਵ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਦਿੱਲੀ ‘ਚ ਅਜਿਹਾ ਕਰਨ ‘ਚ ਉਹਨਾਂ ਨੂੰ ਢਾਈ ਤੋਂ ਤਿੰਨ ਸਾਲ ਤੱਕ ਦਾ ਸਮਾਂ ਲੱਗ ਗਿਆ ਸੀ। ਪੰਜਾਬ ‘ਚ ਅਜਿਹਾ ਕਰਨ ਲਈ ਕਰੀਬ 4 ਸਾਲ ਦਾ ਸਮਾਂ ਲੱਗ ਸਕਦਾ ਹੈ, ਕਿਉਂਕਿ ਇਸਦੇ ਲਈ ਗਲੀ-ਮੁਹੱਲਿਆਂ ‘ਚ ਜਾ ਕੇ ਤਾਰਾਂ ਚੇਂਜ ਕਰਵਾਉਣੀਆਂ ਪੈਣਗੀਆਂ। ਟਰਾਂਸਫਾਰਮਰ ਬਦਲਣੇ ਪੈਣਗੇ। ਇਸ ਲਈ ਸੱਤਾ ‘ਚ ਆਉਂਦੇ ਸਾਰ ਹੀ ਇਹ ਉਮੀਦ ਲਗਾਉਣਾ ਕਿ ਬਿਜਲੀ ਕੱਟ ਨਹੀਂ ਲੱਗਣਗੇ, ਇਹ ਸਹੀ ਨਹੀਂ। ਪਰ 4 ਸਾਲ ਬਾਅਦ ਪੰਜਾਬ ਦੀ ਜਨਤਾ ਅਜਿਹੀ ਉਮੀਦ ਕਰ ਸਕਦੀ ਹੈ।

‘ਕਰੀਬ 80% ਘਰਾਂ ਦਾ ਬਿੱਲ ਸਿਫਰ ਆਵੇਗਾ’

ਕੇਜਰੀਵਾਲ ਦਾ ਦਾਅਵਾ ਹੈ ਕਿ ਇਹ ਫ਼ੈਸਲਾ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ 77-80 ਫ਼ੀਸਦ ਘਰਾਂ ਦਾ ਬਿਜਲੀ ਬਿੱਲ ਸਿਫਰ ਆਵੇਗਾ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ‘ਚ ਕੇਜਰੀਵਾਲ ਨੇ ਇਹ ਵੀ ਸਾਫ਼ ਕੀਤਾ ਕਿ 300 ਯੂਨਿਟ ਤੱਕ ਦੀ ਮੁਫਤ ਬਿਜਲੀ ਲਈ ਕੋਈ ਮਾਪਦੰਡ ਨਹੀਂ ਹੋਣਗੇ। ਯਾਨੀ ਸੂਬੇ ਦੇ ਹਰ ਸ਼ਖਸ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਜ਼ਰੂਰ ਮਿਲੇਗੀ।

301 ਯੂਨਿਟ ‘ਤੇ ਚੁਕਾਉਣੀ ਪਏਗੀ ਪੂਰੀ ਕੀਮਤ

ਇਸਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਜੇਕਰ 300 ਯੂਨਿਟ ਤੋਂ ਉੱਪਰ ਇੱਕ ਯੂਨਿਟ ਵੀ ਵੱਧ ਖਰਚ ਹੋਵੇਗਾ, ਤਾਂ ਪੂਰੇ 301 ਯੂਨਿਟ ਦੀ ਕੀਮਤ ਚੁਕਾਉਣੀ ਪਵੇਗੀ। ਠੀਕ ਉਸੇ ਤਰ੍ਹਾਂ, ਜਿਸ ਤਰ੍ਹਾਂ ਦਿੱਲੀ ‘ਚ 200 ਯੂਨਿਟ ਤੱਕ ਬਿਜਲੀ ਮੁਫਤ ਹੋਣ ‘ਤੇ ਜੇਕਰ ਕੋਈ 201 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ, ਤਾਂ ਉਸ ਨੂੰ ਪੂਰੇ 201 ਯੂਨਿਟ ਦੀ ਕੀਮਤ ਅਦਾ ਕਰਨੀ ਪੈਂਦੀ ਹੈ।

ਇਹ ਹੈ ਕੇਜਰੀਵਾਲ ਦਾ ‘ਮਾਸਟਰ ਪਲਾਨ’ !

ਕੇਜਰੀਵਾਲ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ‘ਚ ਬਿਜਲੀ ਪੈਦਾ ਹੋਣ ਦੇ ਬਾਵਜੂਦ ਇਥੇ ਪੂਰੇ ਦੇਸ਼ ਦੇ ਮੁਕਾਬਲੇ ਸਭ ਤੋਂ ਮਹਿੰਗੀ ਬਿਜਲੀ ਹੈ। ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਹੈ, ਕਿਉਂਕਿ ਪੰਜਾਬ ‘ਚ ਬਿਜਲੀ ਕੰਪਨੀਆਂ ਅਤੇ ਸਰਕਾਰ ਵਿਚਾਲੇ ਗੰਦੀ ਮਿਲੀਭੁਗਤ ਹੈ। ‘ਆਪ’ ਦੀ ਸਰਕਾਰ ਆਉਣ ‘ਤੇ ਇਸੇ ਮਿਲੀਭੁਗਤ ਨੂੰ ਬੰਦ ਕਰਕੇ ਬਿਜਲੀ ਕੰਪਨੀਆਂ ਨੂੰ ਠੀਕ ਕੀਤਾ ਜਾਵੇਗਾ। ਅਜਿਹਾ ਹੋਣ ‘ਤੇ ਪੰਜਾਬ ‘ਚ ਵੀ ਦਿੱਲੀ ਵਾਂਗ ਹੀ ਮੁਫਤ ਬਿਜਲੀ ਮਿਲਣੀ ਸੰਭਵ ਹੋ ਜਾਵੇਗੀ।

ਜਾਦੂ ਸਿਰਫ਼ ਸਾਨੂੰ ਕਰਨਾ ਆਉਂਦਾ ਹੈ- ਕੇਜਰੀਵਾਲ

ਪੰਜਾਬ ‘ਚ ਪੁਰਾਣੇ ਸਮਝੌਤਿਆਂ ਅਤੇ ਖਜ਼ਾਨੇ ਦੀ ਕਮੀ ਵਰਗੀਆਂ ਚੁਣੌਤੀਆਂ ਵਿਚਾਲੇ ਮੁਫਤ ਬਿਜਲੀ ਦੇ ਵਾਅਦੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ, “ਇਹ ਜਾਦੂ ਸਿਰਫ਼ ਸਾਨੂੰ ਕਰਨਾ ਆਉਂਦਾ ਹੈ।” ਕੇਜਰੀਵਾਲ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਮਾਫੀਆ ਨੂੰ ਦਿੱਤਾ ਜਾਂਦਾ ਹੈ, ਜਦੋਂ ਇਹ ਪੈਸਾ ਮਾਫੀਆ ਕੋਲ ਜਾਣਾ ਬੰਦ ਹੋ ਜਾਵੇਗਾ, ਤਾਂ ਸਭ ਆਪਣੇ ਆਪ ਹੋ ਜਾਵੇਗਾ। ਉਹਨਾਂ ਕਿਹਾ, “ਕੇਜਰੀਵਾਲ ਹਵਾ ‘ਚ ਗੱਲ ਨਹੀਂ ਕਰਦਾ। ਮੈਂ ਪੂਰੀ ਕੈਲਕੁਲੇਸ਼ਨ ਕਰਕੇ ਆਇਆ ਹਾਂ। ਜਿਵੇਂ ਦਿੱਲੀ ‘ਚ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ‘ਚ ਵੀ ਕਰਾਂਗੇ।”

 

RELATED ARTICLES

LEAVE A REPLY

Please enter your comment!
Please enter your name here

Most Popular

Recent Comments