Home Corona ਪੰਜਾਬ 'ਚ 1 ਜੁਲਾਈ ਤੋਂ ਕੀ-ਕੀ ਖੁੱਲ੍ਹੇਗਾ...ਇਥੇ ਮਿਲੇਗੀ ਹਰ ਜਾਣਕਾਰੀ

ਪੰਜਾਬ ‘ਚ 1 ਜੁਲਾਈ ਤੋਂ ਕੀ-ਕੀ ਖੁੱਲ੍ਹੇਗਾ…ਇਥੇ ਮਿਲੇਗੀ ਹਰ ਜਾਣਕਾਰੀ

ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਡੈਲਟਾ ਪਲੱਸ ਵੈਰੀਏਂਟ ਦੇ ਮਾਮਲਿਆਂ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਜੁਲਾਈ ਤੱਕ ਕੋਵਿਡ ਬੰਦਸ਼ਾਂ ਵਧਾਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਬਾਰ, ਪੱਬ ਅਤੇ ਅਹਾਤੇ 50 ਫੀਸਦੀ ਸਮਰੱਥਾ ਨਾਲ ਇਕ ਜੁਲਾਈ ਤੋਂ ਖੋਲ੍ਹਣ ਦੀ ਆਗਿਆ ਦੇਣ ਸਮੇਤ ਕੁਝ ਹੋਰ ਢਿੱਲ ਵੀ ਦਿੱਤੀ ਹੈ।

ਹੁਨਰ ਵਿਕਾਸ ਕੇਂਦਰਾਂ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ, ਜਿਸ ‘ਚ ਸਟਾਫ ਅਤੇ ਵਿਦਿਆਰਥੀਆਂ ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣ ਦੀ ਸ਼ਰਤ ਸ਼ਾਮਲ ਹੈ। ਇਸੇ ਤਰ੍ਹਾਂ IELTS ਕੋਚਿੰਗ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਪਰ ਇਸ ਲਈ ਵੀ ਵਿਦਿਆਰਥੀਆਂ ਅਤੇ ਸਟਾਫ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣ ਦੀ ਸ਼ਰਤ ਹੈ।

‘ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜ਼ਰੂਰੀ’

ਕੋਵਿਡ ਦੀ ਸਮੀਖਿਆ ਕਰਨ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੋਵਿਡ ਪਾਬੰਦੀਆਂ ਵਿਚ ਦਿੱਤੀਆਂ ਛੋਟਾਂ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬਾਰ, ਪੱਬ ਅਤੇ ਅਹਾਤਿਆਂ ਨੂੰ ਸਮਾਜਿਕ ਦੂਰੀ ਦੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਵੇਟਰਾਂ ਅਤੇ ਹੋਰ ਸਬੰਧਤ ਮੁਲਾਜ਼ਮਾਂ ਨੂੰ ਕੋਵਿਡ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼ਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਮਾਲਕਾਂ ਦੀ ਜਿੰਮੇਵਾਰੀ ਹੋਵੇਗੀ।

‘ਡੈਲਟਾ ਪਲੱਸ ਵੈਰੀਏਂਟ ਚਿੰਤਾ ਦਾ ਵਿਸ਼ਾ’

ਕੋਰੋਨਾ ਕੇਸਾਂ ਦੀ ਪਾਜ਼ੀਟਿਵਿਟੀ ਦਰ ਘੱਟ ਹੋਣ ‘ਤੇ ਮੁੱਖ ਮੰਤਰੀ ਨੇ ਸੰਤੁਸ਼ਟੀ ਜਤਾਈ, ਪਰ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਡੈਲਟਾ ਪਲੱਸ ਸਰੂਪ ਦੀਆਂ ਲੱਭਤਾਂ ਚਿੰਤਾ ਦਾ ਵਿਸ਼ਾ ਹੈ, ਜਿਸ ਕਰਕੇ ਰੋਕਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਵਾਇਰਸ ਦੇ ਬਦਲਦੇ ਸੁਭਾਅ ਦੇ ਮਹੀਨਾਵਰ ਅੰਕੜਿਆਂ ਨੇ ਦਰਸਾਇਆ ਕਿ ਵਾਇਰਸ ਦਾ 90 ਫੀਸਦੀ ਤੋਂ ਵੱਧ ਰੂਪ ਚਿੰਤਾ ਦਾ ਵਿਸ਼ਾ ਹੈ ਅਤੇ ਅਸਲ ਵਾਇਰਸ ਨੂੰ ਪਰਿਵਰਤਨਸ਼ੀਲ ਰੂਪ ਵਿਚ ਬਦਲ ਗਿਆ। ਉਨ੍ਹਾਂ ਕਿਹਾ ਕਿ ਦੋ ਮਾਮਲਿਆਂ (ਲੁਧਿਆਣਾ ਅਤੇ ਪਟਿਆਲਾ) ਵਿਚ ਡੈਲਟਾ ਪਲੱਸ ਰੂਪ ਸਾਹਮਣੇ ਆਇਆ ਹੈ, ਜਦਕਿ ਮਈ ਅਤੇ ਜੂਨ ਵਿਚ ਡੈਲਟਾ ਰੂਪ ਵੱਧ ਮੌਜੂਦ ਸੀ।

ਦੋਵੇਂ ਮਾਮਲਿਆਂ ‘ਚ ਟੈਸਟਿੰਗ ਤੇ ਟਰੇਸਿੰਗ ਜਾਰੀ

ਲੁਧਿਆਣਾ ਦੀ ਮਰੀਜ਼ ਦੇ ਸੰਪਰਕ ਵਿਚ ਆਏ 198 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਜਿਸ ਵਿੱਚੋਂ ਇਕ ਪਾਜੇਟਿਵ ਪਾਇਆ ਗਿਆ ਅਤੇ ਵਾਇਰਸ ਦਾ ਬਦਲਦੇ ਸੁਭਾਅ ਨੂੰ ਜਾਣਨ ਲਈ ਸੈਂਪਲ ਭੇਜਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਪਟਿਆਲਾ ਦੇ ਕੇਸ ਵਿਚ ਵਾਇਰਸ ਦੇ ਨਵੇਂ ਸੁਭਾਅ ਦਾ ਪਤਾ ਲਾਏ ਜਾਣ ਸਬੰਧੀ ਰਿਪੋਰਟ 26 ਜੂਨ ਨੂੰ ਪ੍ਰਾਪਤ ਹੋਈ ਹੈ ਅਤੇ ਟਰੇਸਿੰਗ/ਟੈਸਟਿੰਗ ਦੀ ਪ੍ਰਕਿਰਿਆ ਜਾਰੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਖੁਲਾਸਾ ਕੀਤਾ ਕਿ ਜੀਨੋਮ ਸੈਪਲਿੰਗ ਦੇ ਲਗਭਗ 489 ਸੈਂਪਲ (ਅਪ੍ਰੈਲ ਵਿਚ 276, ਮਈ ਵਿਚ 100 ਅਤੇ ਜੂਨ ਵਿਚ 113) ਅਜੇ ਤੱਕ ਕੇਂਦਰੀ ਲੈਬ ਵਿਚ ਲੰਬਿਤ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵੱਲੋਂ ਮਈ ਵਿਚ ਭੇਜੇ ਗਏ ਸੈਂਪਲਾਂ ਵਿਚ ਵਾਇਰਸ ਦਾ ਡੈਲਟਾ ਪਲੱਸ ਰੂਪ ਪਾਇਆ ਗਿਆ, ਜਿਸ ਦੇ ਨਤੀਜੇ ਹਾਲ ਹੀ ਵਿਚ ਭਾਰਤ ਸਰਕਾਰ ਦੀਆਂ ਲੈਬਜ਼ ਵੱਲੋਂ ਦਿੱਤੇ ਗਏ ਹਨ।

ਜੀਨੋਮ ਸੀਕੁਐਂਸ ਲੈਬ ਦੀ ਸਥਾਪਨਾ ‘ਚ ਤੇਜ਼ੀ ਦੇ ਹੁਕਮ

ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਪੱਧਰ ਦੀ ਗੈਰ-ਲਾਭ ਵਾਲੀ ਸੰਸਥਾ ‘ਪਾਥ’ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਜੀਨੋਮ ਸੀਕੁਐਂਸ ਲੈਬ ਦੀ ਸਥਾਪਨਾ ਵਿਚ ਤੇਜੀ ਲਿਆਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਜੁਲਾਈ ਤੱਕ ਇਸ ਨੂੰ ਕਾਰਜਸ਼ੀਲ ਬਣਾਇਆ ਜਾ ਸਕੇ। ਉਨ੍ਹਾਂ ਨੇ ਭੂਗੋਲਿਕ ਸੀਮਾਵਾਂ ਵਿਚ ਕਲੱਸਟਰਾਂ, ਸੰਸਥਾਗਤ ਜਾਂ ਵਾਇਰਸ ਦੇ ਫੈਲਾਅ ਵਾਲੀ ਘਟਨਾ ਵਾਲੇ ਇਲਾਕੇ ਵਿਚ ਸਾਹਮਣੇ ਆਏ ਕੇਸਾਂ ਦਾ ਸੁਭਾਅ ਜਾਣਨ ਵਿਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਕੋਰਨਾ ਦੀ ਸੰਭਾਵੀ ਤੀਜੀ ਲਹਿਰ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਡੈਲਟਾ ਪਲੱਸ ਦੇ ਮਾਮਲਿਆਂ ਵਾਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਉਤੇ ਵੀ ਨੇੜਿਓਂ ਨਜ਼ਰ ਰੱਖਣ ਦਾ ਸੁਝਾਅ ਦਿੱਤਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments