ਬਿਓਰੋ। ਦੇਸ਼ ਦੇ ਦੂਜੇ ਸੂਬਿਆਂ ਵਾਂਗ ਪੰਜਾਬ ‘ਚ ਵੀ ਹੁਣ ਪੈਟਰੋਲ ਦੀ ਕੀਮਤ 100 ਰੁਪਏ ਦੇ ਪਾਰ ਪਹੁੰਚ ਗਈ ਹੈ। ਸ਼ਨੀਵਾਰ ਨੂੰ ਸਭ ਤੋਂ ਪਹਿਲਾਂ ਪਠਾਨਕੋਟ ‘ਚ ਪੈਟਰੋਲ ਦੀ ਕੀਮਤ 100 ਰੁਪਏ ਹੋਈ, ਪਰ ਹੁਣ ਸਾਰੇ ਜ਼ਿਲ੍ਹਿਆਂ ‘ਚ ਪੈਟਰੋਲ ਦੀਆਂ ਕੀਮਤਾਂ 100 ਦੇ ਪਾਰ ਪਹੁੰਚ ਗਈਆਂ ਹਨ। ਕੁਝ ਜ਼ਿਲ੍ਹਿਆਂ ‘ਚ ਪੈਟਰੋਲ ਪ੍ਰਤੀ ਲੀਟਰ 101 ਰੁਪਏ ਦੇ ਕਰੀਬ ਵੀ ਵਿੱਕ ਰਿਹਾ ਹੈ।
29 ਜੂਨ ਨੂੰ ਪੈਟਰੋਲ ਦੇ ਰੇਟ
- ਮੋਹਾਲੀ- 100.93
- ਪਠਾਨਕੋਟ- 100.89
- ਅੰਮ੍ਰਿਤਸਰ- 100.56
- ਲੁਧਿਆਣਾ- 100.66
- ਫ਼ਤਿਹਗੜ੍ਹ ਸਾਹਿਬ- 100.65
- ਫ਼ਾਜ਼ਿਲਕਾ- 100.63
- ਪਟਿਆਲਾ- 100.40
- ਹੁਸ਼ਿਆਰਪੁਰ- 100.39
- ਫ਼ਰੀਦਕੋਟ- 100.35
- ਕਪੂਰਥਲਾ- 100.24
- ਬਰਨਾਲਾ- 100.13
ਇਕ ਮਹੀਨੇ ‘ਚ 10 ਰੁਪਏ ਤੱਕ ਵਧੇ ਰੇਟ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਪਿਛਲੇ ਇੱਕ ਮਹੀਨੇ ਅੰਦਰ ਕਰੀਬ 8-10 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੰਨਾ ਮਹਿੰਗਾ ਪੈਟਰੋਲ ਕਦੇ ਨਹੀਂ ਭਰਵਾਇਆ।
ਰਾਜਸਥਾਨ ‘ਚ 110 ਤੱਕ ਕੀਮਤ
ਰਾਜਸਥਾਨ ‘ਚ ਪੈਟਰੋਲ ਸਭ ਤੋਂ ਮਹਿੰਗਾ ਹੈ। ਇਥੇ ਗੰਗਾਨਗਰ ‘ਚ ਪੈਟਰੋਲ ਦੀ ਕੀਮਤ 110 ਰੁਪਏ ‘ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਰੀਵਾ ‘ਚ 109 ਰੁਪਏ ਅਤੇ ਮਹਾਂਰਾਸ਼ਟਰ ਦੇ ਪਰਭਣੀ ‘ਚ ਪੈਟਰੋਲ 107 ਰੁਪਏ ਦੇ ਕਰੀਬ ਵਿੱਕ ਰਿਹਾ ਹੈ।
ਤੇਲ ਨਾਲ ਵਿਗੜੇਗਾ ਬਜਟ
ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਬੁਰਾ ਅਸਰ ਜਿਥੇ ਆਮ ਜਨਤਾ ‘ਤੇ ਪੈ ਰਿਹਾ ਹੈ, ਉਥੇ ਹੀ ਵਪਾਰ ਜਗਤ ਵੀ ਇਸ ‘ਤੇ ਅਛੁਤਾ ਨਹੀਂ। ਟਰਾਂਸਪੋਰਟਰਾਂ ਦੀ ਪਰਿਚਾਲਨ ਲਾਗਤ ‘ਚ 65 ਫ਼ੀਸਦ ਹਿੱਸੇਦਾਰੀ ਡੀਜ਼ਲ ਦੀ ਹੈ। ਟਰਾਂਸਪੋਰਟੇਸ਼ਨ ਮਹਿੰਗੀ ਹੋਵੇਗੀ, ਤਾਂ ਕਈ ਜ਼ਰੂਰੀ ਚੀਜ਼ਾਂ ਦੇ ਰੇਟ ਵਧਣੇ ਵੀ ਤੈਅ ਹਨ।
ਕਿਉਂ ਬੇਲਗਾਮ ਹੋਈਆਂ ਤੇਲ ਦੀਆਂ ਕੀਮਤਾਂ?
ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਮੁਤਾਬਕ, ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋ ਰਹੇ ਵਾਧੇ ਲਈ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀ ਕੀਮਤ ‘ਚ ਆਈ ਤੇਜ਼ੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ। ਇਸ ਕਾਰਨ ਘਰੇਲੂ ਬਜ਼ਾਰ ‘ਚ ਵੀ ਕੀਮਤ ਵਧ ਗਈ ਹੈ, ਜਿਸਦਾ ਖਪਤਕਾਰ ‘ਤੇ ਨਿਗੇਟਿਵ ਅਸਰ ਪਿਆ ਹੈ। ਭਾਰਤ ਆਪਣੀ ਕੁੱਲ ਜ਼ਰੂਰਤ ਦੇ 80 ਫ਼ੀਸਦ ਤੇਲ ਦੀ ਆਮਦ ਕਰਦਾ ਹੈ।
ਜ਼ਿਕਰਯੋਗ ਹੈ ਕਿ ਕੱਚੇ ਤੇਲ ਦੀ ਇਹ ਕੀਮਤ ਹੁਣ ਤੱਕ ਦੀ ਸਭ ਤੋਂ ਵੱਧ ਕੀਮਤ ਨਹੀਂ ਹੈ। ਕੱਚੇ ਤੇਲ ਦੀ ਕੀਮਤ 100 ਰੁਪਏ ਪ੍ਰਤੀ ਬੈਰਲ ਦੇ ਪਾਰ ਵੀ ਪਹੁੰਚ ਚੁੱਕੀ ਹੈ, ਪਰ ਉਸ ਵੇਲੇ ਵੀ ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ 100 ਦੇ ਪਾਰ ਨਹੀਂ ਪਹੁੰਚੀਆਂ ਸਨ। ਅਜਿਹੇ ‘ਚ ਮਹਿੰਗੇ ਤੇਲ ‘ਤੇ ਸਰਕਾਰ ਦੇ ਤਰਕ ਨੂੰ ਲੈ ਕੇ ਸਵਾਲ ਵੀ ਖੜ੍ਹੇ ਹੁੰਦੇ ਹਨ।