ਮੋਗਾ। ਜ਼ਿਲ੍ਹੇ ਦੇ ਬਾਘਾਪੁਰਾਣਾ ਕਸਬੇ ‘ਚ ਵੀਰਵਾਰ ਦੇਰ ਰਾਤ ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਮਿਗ-21 ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ ਏਅਰਫੋਰਸ ਦੇ ਪਾਇਲਟ ਅਭਿਨਵ ਚੌਧਰੀ ਸ਼ਹੀਦ ਹੋ ਗਏ। ਇਹ ਹਾਦਸਾ ਮੋਗਾ ਤੋਂ ਕਰੀਬ 25 ਕਿਲੋਮੀਟਰ ਦੂਰ ਬਾਘਾਪੁਰਾਣਾ ਦੇ ਪਿੰਡ ਲੰਗਿਆਣਾ ਖੁਰਦ ਨੇੜੇ ਵਾਪਰਿਆ। ਜਹਾਜ਼ ਦੇ ਡਿੱਗਦੇ ਹੀ ਉਸ ‘ਚ ਅੱਗ ਲੱਗ ਗਈ। ਏਅਰਫੋਰਸ ਨੇ ਇਸ ਹਾਦਸੇ ਦੀ ਜਾਂਚ ਦਾ ਆਦੇਸ਼ ਦਿੱਤਾ ਹੈ।
ਰੂਟੀਨ ਟ੍ਰੇਰਿੰਗ ਦੌਰਾਨ ਹਾਦਸਾ
ਪੱਛਮੀ ਸੈਕਟਰ ‘ਚ ਇਹਨੀਂ ਦਿਨੀਂ ਇੰਡੀਅਨ ਏਅਰਫੋਰਸ ਦੀ ਟ੍ਰੇਨਿੰਗ ਚੱਲ ਰਹੀ ਹੈ। ਇਸ ‘ਚ ਵੱਡੀ ਗਿਣਤੀ ਫਾਈਟਰ ਜੈਟ ਹਿੱਸਾ ਲੈ ਰਹੇ ਹਨ। ਦੇਰ ਰਾਤ ਕਰੀਬ ਇੱਕ ਵਜੇ ਸਕੁਆਰਡਨ ਲੀਡਰ ਅਭਿਨਵ ਚੌਧਰੀ ਨੇ ਆਪਣੇ ਮਿਗ-21 ਬਾਈਸਨ ‘ਚ ਉਡਾਣ ਭਰੀ। ਯੁੱਧ ਅਭਿਆਸ ‘ਚ ਹਿੱਸਾ ਲੈਣ ਤੋਂ ਬਾਅਦ ਰਾਤ ਕਰੀਬ 2 ਵਜੇ ਉਹ ਸੂਰਤਗੜ੍ਹ ਏਅਰਬੇਸ ਵੱਲ ਵਾਪਸ ਪਰਤ ਰਹੇ ਸਨ। ਮੋਗਾ ਦੇ ਉਪਰੋਂ ਜਾਂਦੇ ਵਕਤ ਜਹਾਜ਼ ਦੇ ਇੰਜਣ ‘ਚ ਅੱਗ ਲੱਗ ਗਈ। ਅਭਿਨਵ ਨੇ ਆਖਰੀ ਸਮੇਂ ਤੱਕ ਜਹਾਜ਼ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਤਾਂ ਜੋ ਉਹ ਇਸ ਨੂੰ ਅਬਾਦੀ ਵਾਲੇ ਇਲਾਕੇ ਤੋਂ ਦੂਰ ਲਿਜਾ ਸਕਣ।
ਦੱਸਿਆ ਜਾ ਰਿਹਾ ਹੈ ਕਿ ਅਬਾਦੀ ਤੋਂ ਦੂਰ ਜਾ ਕੇਉਹਨਾਂ ਨੇ ਇਜੈਕਟ ਕੀਤਾ, ਪਰ ਉਦੋਂ ਤੱਕ ਜਹਾਜ਼ ਕਾਫ਼ੀ ਹੇਠਾਂ ਆ ਚੁੱਕਿਆ ਸੀ। ਅਜਿਹੇ ‘ਚ ਇਜੈਕਟ ਕਰਨ ਦੇ ਬਾਵਜੂਦ ਉਹਨਾਂ ਦਾ ਪੈਰਾਸ਼ੂਟ ਖੁੱਲ੍ਹ ਨਹੀਂ ਸਕਿਆ। ਇਸ ਤੋਂ ਬਾਅਦ ਜਹਾਜ਼ ਇੱਕ ਜ਼ੋਰਦਾਰ ਧਮਾਕੇ ਨਾਲ ਹੇਠਾਂ ਜਾ ਡਿੱਗਿਆ। ਜਹਾਜ਼ ਤੋਂ 2 ਕਿਲੋਮੀਟਰ ਦੂਰ ਅਭਿਨਵ ਦੀ ਲਾਸ਼ ਬਰਾਮਦ ਹੋਈ ਹੈ।
4 ਘੰਟਿਆਂ ਬਾਅਦ ਮਿਲੀ ਪਾਇਲਟ ਦੀ ਲਾਸ਼
ਜਹਾਜ਼ ਦੇ ਕ੍ਰੈਸ਼ ਹੋਣ ਦੀ ਜਾਣਕਾਰੀ ਪੁਲਿਸ ਨੂੰ ਦੇਰ ਰਾਹਤ ਮਿਲੀ। ਇਸਦੇ ਤੁਰੰਤ ਬਾਅਦ ਮੋਗਾ ਦੇ SSP ਹਰਮਨਬੀਰ ਸਿੰਘ ਗਿੱਲ ਅਤੇ ਪੁਲਿਸ ਦੇ ਤਮਾਮ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪਾਇਲਟ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਉਹਨਾਂ ਨੇ ਦੱਸਿਆ ਕਿ ਮੌਕੇ ‘ਤੇ ਹੀ ਬਠਿੰਡਾ ਏਅਰਫੋਰਸ ਅਤੇ ਹਲਵਾੜਾ ਏਅਰਫੋਰਸ ਦੀਆਂ ਟੀਮਾਂ ਵੀ ਪਹੁੰਚ ਗਈਆਂ ਸਨ, ਜਿਹਨਾਂ ਨੇ ਪਾਇਲਟ ਅਭਿਨਵ ਚੌਧਰੀ ਨੂੰ ਲ਼ੱਭਣਾ ਸ਼ੁਰੂ ਕਰ ਦਿੱਤਾ। ਲਗਭਗ 4 ਘੰਟਿਆਂ ਬਾਅਦ ਅਭਿਨਵ ਚੌਧਰੀ ਦੀ ਲਾਸ਼ ਖੇਤਾਂ ਤੋਂ ਬਰਾਮਦ ਹੋਈ।
ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
ਸ਼ਹੀਦ ਪਾਇਲਟ ਅਭਿਨਵ ਚੌਧਰੀ ਮੂਲ ਰੂਪ ਨਾਲ ਯੂਪੀ ਦੇ ਬਾਗਪਤ ਦੇ ਰਹਿਣ ਵਾਲੇ ਸਨ। ਇਹਨੀਂ ਦਿਨੀਂ ਉਹ ਪਠਾਨਕੋਟ ਏਅਰਬੇਸ ‘ਚ ਤੈਨਾਤ ਸਨ। ਅਭਿਨਵ ਇੱਕ ਕਿਸਾਨ ਦੇ ਬੇਟੇ ਸਨ। ਕਰੀਬ ਡੇਢ ਸਾਲ ਪਹਿਲਾਂ ਦਸੰਬਰ, 2019 ‘ਚ ਹੀ ਉਹ ਵਿਆਹ ਬੰਧਨ ‘ਚ ਬੱਝੇ ਸਨ। ਉਹਨਾਂ ਦਾ ਵਿਆਹ ਉਸ ਵੇਲੇ ਬੇਹੱਦ ਚਰਚਾ ‘ਚ ਰਿਹਾ ਸੀ, ਕਿਉਕਿ ਵਿਆਹ ਮੌਕੇ ਉਹਨਾਂ ਨੇ ਆਪਣੇ ਸਹੁਰੇ ਪਰਿਵਾਰ ਤੋਂ ਬਤੌਰ ਸ਼ਗੁਨ ਸਿਰਫ਼ ਇੱਕ ਰੁਪਏ ਲਏ ਸਨ।
ਸੀਐੱਮ ਕੈਪਟਨ ਨੇ ਜਤਾਇਆ ਦੁੱਖ
Tragic incident of a @IAF_MCC MIG-21 crash landing at Baghapurana in Moga district last night leading to death Sq Leader & pilot Abhinav Choudhary. My heartfelt condolences to the family of our brave pilot. Jai Hind! 🇮🇳
— Capt.Amarinder Singh (@capt_amarinder) May 21, 2021
ਮੋਗਾ ‘ਚ ਮਿਗ-21 ਕ੍ਰੈਸ਼ ਹੋਣ ਦੀ ਘਟਨਾ ‘ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦੁਖ ਜਤਾਇਆ ਹੈ। ਉਹਨਾਂ ਟਵੀਟ ਕੀਤਾ, “ਮੋਗਾ ਦੇ ਬਾਘਾਪੁਰਾਣਾ ‘ਚ ਬੀਤੀ ਰਾਤ ਭਾਰਤੀ ਏਅਰਫੋਰਸ ਦੇ ਮਿਗ-21 ਦੀ ਕ੍ਰੈਸ਼ ਲੈਂਡਿੰਗ ਦੀ ਘਟਨਾ ਬੇਹੱਦ ਦੁੱਖਦਾਈ ਹੈ, ਜਿਸ ‘ਚ ਸਕੁਆਰਡਨ ਲੀਡਰ ਅਤੇ ਪਾਇਲਟ ਅਭਿਨਵ ਚੌਧਰੀ ਦੀ ਜਾਨ ਚਲੀ ਗਈ। ਸਾਡੇ ਬਹਾਦਰ ਪਾਇਲਟ ਜੇ ਪਰਿਵਾਰ ਨਾਲ ਮੇਰੀ ਦਿਲੋਂ ਹਮਦਰਦੀ। ਜੈ ਹਿੰਦ!”
ਮਾਰਚ ‘ਚ ਵੀ ਮਿਗ-21 ਬਾਈਸਨ ਕ੍ਰੈਸ਼ ਹੋ ਗਿਆ ਸੀ
ਇਸ ਤੋਂ ਪਹਿਲਾਂ 17 ਮਾਰਚ ਨੂੰ ਵੀ ਇੱਕ ਹਾਦਸੇ ‘ਚ ਫਾਈਟਰ ਜਹਾਜ਼ ਮਿਗ-21 ਬਾਈਸਨ ਉਡਾਣ ਦੇ ਦੌਰਾਨ ਕ੍ਰੈਸ਼ ਹੋਇਆ ਸੀ। ਇਸ ਹਾਦਸੇ ‘ਚ ਏਅਰਫੋਰਸ ਦੇ ਕੈਪਟਨ ਦੀ ਜਾਨ ਚਲੀ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ‘ਚ ਰਾਜਸਥਾਨ ਦੇ ਸੂਰਤਗੜ੍ਹ ‘ਚ ਵੀ ਮਿਗ-21 ਬਾਈਸਨ ਕ੍ਰੈਸ਼ ਹੋਇਆ ਸੀ। ਉਸ ਵੇਲੇ ਉਡਾਣ ਦੇ ਦੌਰਾਨ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ ਸੀ।