ਲੁਧਿਆਣਾ। ਸਨਅਤੀ ਸ਼ਹਿਰ ਲੁਧਿਆਣਾ ‘ਚ ਇੱਕ ਵਾਰ ਫਿਰ ਇਰਾਨੀ ਗੈਂਗ ਸਰਗਰਮ ਹੋ ਚੁੱਕਿਆ ਹੈ, ਜਿਸਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਸ਼ਹਿਰਵਾਸੀਆਂ ਨੂੰ ਇਹ ਗੈਂਗ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪੁਲਿਸ ਮੁਤਾਬਕ, ਇਹ ਗਿਰੋਹ ਸਿਵਲ ਡ੍ਰੈੱਸ ‘ਚ ਖੁਦ ਨੂੰ ਪੁਲਿਸ ਅਧਿਕਾਰੀ ਦੱਸ ਕੇ ਆਮ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣ ਰਿਹਾ ਹੈ।
ਲੁਧਿਆਣਾ ਪੁਲਿਸ ਨੇ ਲੋਕਾਂ ਨੂੰ ਸੁਚੇਤ ਕਰਨ ਲਈ ਇਰਾਨੀ ਗੈਂਗ ਦੇ ਕੁਝ ਮੈਂਬਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੁਲਿਸ ਮੁਤਾਬਕ, ਇਰਾਨੀ ਗੈਂਗ ਦੇ ਮੈਂਬਰ ਵਪਾਰੀਆਂ ਨੂੰ ਦਹਿਸ਼ਤਗਰਦੀ ਹਮਲੇ ਦਾ ਡਰ ਵਿਖਾ ਕੇ ਤਲਾਸ਼ੀ ਲੈਂਦੇ ਹਨ। ਇਸ ਦੌਰਾਨ ਵਪਾਰੀਆਂ ਦਾ ਕੀਮਤੀ ਸਾਮਾਨ, ਨਗਦੀ ਅਤੇ ਜਿਊਲਰੀ ਦੀ ਲੁੱਟ ਕਰ ਲਈ ਜਾਂਦੀ ਹੈ।
ਪੁਲਿਸ ਨੇ ਇਸ ਗਿਰੋਹ ਨੂੰ ਫੜਨ ਲਈ ਲੋਕਾਂ ਤੋਂ ਮਦਦ ਵੀ ਮੰਗੀ ਹੈ ਅਤੇ ਇਹਨਾਂ ਬਾਰੇ ਕੁਝ ਵੀ ਪਤਾ ਲੱਗਣ ‘ਤੇ ਪੁਿਲਸ ਕੰਟਰੋਲ ਰੂਮ ‘ਚ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਇਸਦੇ ਲਈ ਕੁਝ ਨੰਬਰ ਵੀ ਜਾਰੀ ਕੀਤੇ ਗਏ ਹਨ।
ਦੱਸ ਦਈਏ ਕਿ 23 ਜੂਨ ਨੂੰ ਮਾਤਾ ਰਾਣੀ ਚੌਂਕ ‘ਚ ਚੰਡੀਗੜ੍ਹ ਤੋਂ ਆਈ ਕੋਰੀਅਰ ਕੰਪਨੀ ਦੀ ਗੱਡੀ ‘ਚ ਤਲਾਸ਼ੀ ਦੇ ਬਹਾਨੇ ਕਰੀਬ 20 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ ਸਨ। ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ-ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਇਰਾਨੀ ਗੈਂਗ ਦੇ ਮੈਂਬਰ ਸਨ, ਜਿਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
2 ਸਾਲ ਬਾਅਦ ਸ਼ਹਿਰ ‘ਚ ਵਾਪਸੀ
ਪੁਲਿਸ ਮੁਤਾਬਕ, ਇਹ ਗੈਂਗ ਹਰ ਵਾਰ ਹੌਜ਼ਰੀ ਦੇ ਸੀਜ਼ਨ ‘ਚ ਸ਼ਹਿਰ ‘ਚ ਆਉਂਦਾ ਹੈ ਅਤੇ ਵਪਾਰੀਆਂ ਤੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਸਭ ਤੋਂ ਪਹਿਲਾਂ ਇਸਨੇ ਸਾਲ 2018 ‘ਚ ਸ਼ਹਿਰ ‘ਚ ਐਂਟਰੀ ਕੀਤੀ ਸੀ, ਜਦੋਂ ਇਸ ਵੱਲੋਂ 6 ਅਜਿਹੀਆਂ ਹੀ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ। ਇਹਨਾਂ ਘਟਨਾਵਾਂ ਦੀ ਜਾਂਚ ਕਰਦਿਆਂ ਪੁਲਿਸ ਮਹਾਂਰਾਸ਼ਟਰ ਤੱਕ ਪਹੁੰਚੀ, ਜਿਥੋਂ ਗਿਰੋਹ ਦੇ ਸਰਗਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਪੁਲਿਸ ਉਸਦੇ ਸਾਥੀਆਂ ਤੱਕ ਪਹੁੰਚਣ ‘ਚ ਨਾਕਾਮਯਾਬ ਰਹੀ ਸੀ।
ਇਸ ਤੋਂ ਬਾਅਦ ਸਾਲ 2019 ‘ਚ ਇਸ ਗਿਰੋਹ ਵੱਲੋਂ 2.50 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਭੋਪਾਲ ‘ਚ ਰਹਿਣ ਵਾਲੇ ਮੁਹੰਮਦ ਅਲੀ ਅਤੇ ਬਾਘਰ ਅਲੀ ਵਜੋਂ ਕੀਤੀ ਗਈ ਸੀ। ਹਾਲਾਂਕਿ ਜਦੋਂ ਪੁਲਿਸ ਇਹਨਾਂ ਦੀ ਗ੍ਰਿਫ਼ਤਾਰੀ ਲਈ ਭੋਪਾਲ ਪਹੁੰਚੀ, ਤਾਂ ਪੁਲਿਸ ਹੱਥ ਕੁਝ ਨਹੀਂ ਲੱਗਿਆ ਅਤੇ ਖਾਲੀ ਹੱਥ ਹੀ ਪਰਤਣਾ ਪਿਆ।
ਪੁਲਿਸ ਮੁਤਾਬਕ, ਪਿਛਲੇ ਸਾਲ ਲਾਕਡਾਊਨ ਦੇ ਚਲਦੇ ਇਸ ਗਿਰੋਹ ਦੇ ਮੈਂਬਰ ਲੁਧਿਆਣਾ ਨਹੀਂ ਆਏ। ਤੇ ਹੁਣ 2 ਸਾਲ ਬਾਅਦ ਇਸਨੇ ਸਨਅਤੀ ਸ਼ਹਿਰ ‘ਚ ਵਾਪਸੀ ਕੀਤੀ ਹੈ।
‘ਸਿਰਫ਼ ਲੁਧਿਆਣਾ ਨਹੀਂ, ਪੂਰੇ ਦੇਸ਼ ‘ਚ ਸਰਗਰਮ ਗਿਰੋਹ’
ਲੁਧਿਆਣਾ ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਇਹ ਗਿਰੋਹ ਸਿਰਫ਼ ਲੁਧਿਆਣਾ ਨਹੀਂ, ਬਲਕਿ ਪੂਰੇ ਦੇਸ਼ ‘ਚ ਸਰਗਰਮ ਹੈ। ਪੂਰੇ ਦੇਸ਼ ‘ਚ ਇਸ ਗਿਰੋਹ ਦੇ 600-700 ਮੈਂਬਰ ਸਰਗਰਮ ਹਨ, ਜੋ 30-40 ਦੇ ਟੁੱਕੜੀਆਂ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਇਸ ਗਿਰੋਹ ਨਾਲ ਜੁੜੀ ਹਰ ਜਾਣਕਾਰੀ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ, ਤਾਂ ਜੋ ਸ਼ਹਿਰਵਾਸੀ ਇਸ ਤੋਂ ਸੁਚੇਤ ਰਹਿਣ। ਤੁਸੀਂ ਵੀ ਇਹ ਵੀਡੀਓ ਵੇਖੋ:-