ਕੁਰੂਕਸ਼ੇਤਰ। 15 ਅਗਸਤ ਤੋੰ ਪਹਿਲਾੰ ਹਰਿਆਣਾ ਵਿੱਚ ਇੱਕ ਵੱਡੀ ਦਹਿਸ਼ਤਗਰਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਵੀਰਵਾਰ ਨੂੰ ਕੁਰੂਕਸ਼ੇਤਰ ‘ਚ ਅੰਬਾਲਾ-ਦਿੱਲੀ ਨੈਸ਼ਨਲ ਹਾਈਵੇ ‘ਤੇ ਮਿਰਚੀ ਹੋਟਲ ਦੇ ਕਰੀਬ ਡੇਢ ਕਿੱਲੋ ਵਿਸਫੋਟਕ (RDX) ਮਿਲਿਆ। ਇਸਦਾ ਪਤਾ ਚਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਆਸਪਾਸ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ। ਵਿਸਫੋਟਕ ਦੀ ਜਾੰਚ ਲਈ ਟੀਮਾੰ ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿਸ ਤੋੰ ਬਾਅਦ ਅੰਬਾਲਾ ਤੋੰ ਆਈ ਟੀਮ ਨੇ RDX ਨੂੰ ਡਿਫਿਊਜ਼ ਕਰ ਦਿੱਤਾ।
ਪੁਲਿਸ ਨੇ ਇਸ ਮਾਮਲੇ ਵਿੱਚ ਤਰਨਤਾਰਨ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋੰ ਹਰਿਆਣਾ STF ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇੜਲੇ ਇਲਾਕਿਆੰ ਵਿੱਚ ਸ਼ੱਕੀਆੰ ਦੀ ਪਛਾਣ ਲਈ CCTV ਖੰਗਾਲ ਰਹੀ ਹੈ। ਪੂਰੇ ਮਾਮਲੇ ਨੂੰ ਅਜ਼ਾਦੀ ਦਿਹਾੜੇ ਅਤੇ ਦਹਿਸ਼ਤਗਰਦੀ ਕੁਨੈਕਸ਼ਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਵਿਸਫੋਟਕ ਦੇ ਨਾਲ ਲੱਗਿਆ ਸੀ ਟਾਈਮਰ
ਕੁਰੂਕਸ਼ੇਤਰ ਪੁਲਿਸ ਦੇ ASP ਕਰਨ ਗੋਇਲ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਦੀ ਨਿਸ਼ਾਨਦੇਹੀ ‘ਤੇ ਬਰਾਮਦ ਵਿਸਫੋਟਕ ਦੇ ਨਾਲ ਡੇਟੋਨੇਟਰ ਟਾਈਮਰ ਲੱਗਿਆ ਹੋਇਆ ਸੀ। ਵਿਸਫੋਟਕ ਵਾਲੀ ਥਾੰ ਪਾਲੀਥੀਨ ‘ਚ ਬੰਨ੍ਹਿਆ ਹੋਇਆ ਕੁਝ ਹੋਰ ਸਾਮਾਨ ਵੀ ਮਿਲਿਆ ਹੈ। STF ਦੀਆੰ ਟੀਮਾੰ ਨੌਜਵਾਨ ਤੋੰ ਪੁੱਛਗਿੱਛ ਕਰ ਰਹੀਆੰ ਹਨ। ਇਸ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਕਰਨਾਲ ਤੋੰ ਵੀ ਮਿਲ ਚੁੱਕਿਆ ਹੈ RDX
ਦੱਸ ਦਈਏ ਕਿ ਇਸੇ ਸਾਲ ਮਈ ਮਹੀਨੇ ਵਿੱਚ ਕਰਨਾਲ ‘ਚ ਬੱਬਰ ਖਾਲਸਾ ਦੇ 4 ਸ਼ੱਕੀ ਦਹਿਸ਼ਤਗਰਦਾੰ ਤੋੰ RDX ਬਰਾਮਦ ਕੀਤਾ ਗਿਆ ਸੀ। ਜਾੰਚ ਵਿੱਚ ਪਤਾ ਲੱਗਿਆ ਕਿ ਬੱਬਰ ਖਾਲਸਾ ਦੇ ਦਹਿਸ਼ਤਗਰਦ ਇਹ RDX ਪੰਜਾਬ ਤੋੰ ਤੇਲੰਗਾਨਾ ਡਿਲੀਵਰ ਕਰਨ ਲਈ ਜਾ ਰਹੇ ਸਨ। ਪਾਕਿਸਤਾਨ ਬੈਠੇ ਪੰਜਾਬ ਦੇ ਨਾਮੀ ਗੈੰਗਸਟਰ ਹਰਵਿੰਦਰ ਰਿੰਦਾ ਨੇ ਇਹ ਵਿਸਫੋਟਕ ਅਤੇ ਹਥਿਆਰ ਡਰੋਨ ਦੇ ਜ਼ਰੀਏ ਬਾਰਡਰ ਪਾਰ ਤੋੰ ਭਾਰਤ ਪਹੁੰਚਾਏ ਗਏ ਸਨ।