ਚੰਡੀਗੜ੍ਹ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਕਰੀਬ 9 ਮਹੀਨਿਆਂ ਦਾ ਸਮਾਂ ਬਾਕੀ ਹੈ, ਜਿਸ ਨੂੰ ਲੈ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸੀ ਹੋਈ ਹੈ। ਬੁੱਧਵਾਰ ਨੂੰ ਅੰਬੇਡਕਰ ਜਯੰਤੀ ਮੌਕੇ ਹਰ ਸਿਆਸੀ ਪਾਰਟੀ ਵੱਲੋਂ ਚੋਣਾਂ ਲਈ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਹੋਈ। ਇਸੇ ਕੜੀ ‘ਚ ਹੁਣ ਬੀਜੇਪੀ ਦਾ ਵੀ ਨਾੰਅ ਜੁੜ ਗਿਆ ਹੈ। ਬੀਜੇਪੀ ਨੇ ਅਕਾਲੀ ਦਲ ਨਾਲੋਂ ਵੀ ਇੱਕ ਕਦਮ ਅੱਗੇ ਵੱਧ ਕੇ ਦਲਿਤ ਭਾਈਚਾਰੇ ਲਈ ਵੱਡਾ ਐਲਾਨ ਕੀਤਾ ਹੈ।
ਬੀਜੇਪੀ ਦੇ ਕੌਮੀ ਸਕੱਤਰ ਤਰੁਣ ਚੁੱਘ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਜੇਕਰ 2022 ‘ਚ ਬੀਜੇਪੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੁੰਦੀ ਹੈ, ਤਾਂ ਸੂਬੇ ਦਾ ਮੁੱਖ ਮੰਤਰੀ ਦਲਿਤ ਭਾਈਚਾਰੇ ਨਾਲ ਸਬੰਧਤ ਹੋਵੇਗਾ।
ਇਸਦੇ ਨਾਲ ਹੀ ਤਰੁਣ ਚੁੱਘ ਨੇ ਸੁਖਬੀਰ ਬਾਦਲ ਨੂੰ ਉਸ ਬਿਆਨ ‘ਤੇ ਵੀ ਘੇਰਿਆ, ਜਿਸ ‘ਚ ਉਹਨਾਂ ਨੇ ਦਲਿਤ ਆਗੂ ਨੂੰ ਡਿਪਟੀ ਸੀਐੱਮ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਸਵਾਲ ਕੀਤਾ, “ਅਕਾਲੀ ਦਲ ਦਲਿਤ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾ ਸਕਦਾ?” ਉਹਨਾਂ ਕਿਹਾ ਕਿ ਅਕਾਲੀਆਂ ਨੂੰ ਇੱਕ ਹੀ ਪਰਿਵਾਰ ਜਾਂ ਖਾਸ ਭਾਈਚਾਰੇ ਨਾਲ ਸਬੰਧਤ ਮੁੱਖ ਮੰਤਰੀ ਬਣਾਉਣ ਦੀ ਆਦਤ ਛੱਡਣੀ ਚਾਹੀਦੀ ਹੈ। ਚੁੱਘ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਹੀ ਵੋਟ ਬੈਂਕ ਲਈ ਦਲਿਤਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ, ਜਦਕਿ ਬੀਜੇਪੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਪੂਰਾ ਕਰੇਗੀ।