ਚੰਡੀਗੜ੍ਹ। ਬੁੱਧਵਾਰ ਨੂੰ ਅੰਬੇਡਕਰ ਜਯੰਤੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੋਆਬੇ ਦੀ ਧਰਤੀ ਤੋਂ ਐਲਾਨ ਕੀਤਾ ਕਿ ਜੇਕਰ 2022 ‘ਚ ਉਹਨਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ, ਤਾਂ ਡਿਪਟੀ ਸੀਐੱਮ ਦਲਿਤ ਭਾਈਚਾਰੇ ਨਾਲ ਸਬੰਧਤ ਹੋਵੇਗਾ। ਓਧਰ ਬੀਜੇਪੀ ਨੇ ਇਸ ਤੋਂ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਐਲਾਨ ਕਰ ਦਿੱਤਾ ਕਿ ਜੇਕਰ ਉਹ ਸੱਤਾ ‘ਚ ਆਈ, ਤਾਂ ਉਪ ਮੁੱਖ ਮੰਤਰੀ ਨਹੀਂ, ਬਲਕਿ ਮੁੱਖ ਮੰਤਰੀ ਹੀ ਦਲਿਤ ਆਗੂ ਨੂੰ ਬਣਾਇਆ ਜਾਵੇਗਾ।
‘ਸੱਤਾ ‘ਚ ਰਹਿੰਦਿਆਂ ਕਿਉਂ ਨਹੀਂ ਆਈ ਦਲਿਤਾਂ ਦੀ ਯਾਦ ?’
ਅੰਬੇਡਕਰ ਜਯੰਤੀ ਮੌਕੇ ਜਦੋਂ ਦੋਵੇਂ ਪਾਰਟੀਆਂ ਨੇ ਦਲਿਤ ਕਾਰਡ ਖੇਡਿਆ, ਤਾਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਲਟਵਾਰ ਕਰਦਿਆਂ ਇਹਨਾਂ ਐਲਾਨਾਂ ਨੂੰ ਚੋਣ ਹਥਕੰਡੇ ਕਰਾਰ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਆਪਣੇ ਸ਼ਾਸਨ ਦੌਰਾਨ ਦਲਿਤ ਭਾਈਚਾਰੇ ਲਈ ਕੁਝ ਵੀ ਨਹੀਂ ਕੀਤਾ ਅਤੇ ਹੁਣ 2022 ਦੀਆਂ ਚੋਣਾਂ ’ਤੇ ਅੱਖ ਰੱਖਦੇ ਹੋਏ ਦਲਿਤ ਭਾਈਚਾਰੇ ਨੂੰ ਭਰਮਾਉਣ ਲਈ ਸਿਆਸੀ ਡਰਾਮੇਬਾਜ਼ੀ ’ਤੇ ਉਤਰ ਆਈਆਂ ਹਨ।
ਮੁੱਖ ਮੰਤਰੀ ਨੇ ਅੱਗੇ ਕਿਹਾ,‘‘ਸੁਖਬੀਰ ਬਾਦਲ ਹੁਣ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦਾ ਵਾਅਦਾ ਕਰ ਰਹੇ ਹਨ, ਪਰ ਉਹਨਾਂ ਕੋਲ ਆਪਣੀ ਪਾਰਟੀ ਵੱਲੋਂ ਦਲਿਤ ਭਾਈਚਾਰੇ ਲਈ ਕੀਤੇ ਕੰਮਾਂ ਨੂੰ ਦਿਖਾਉਣ ਦੇ ਨਾਮ ’ਤੇ ਕੁਝ ਵੀ ਨਹੀਂ ਹੈ।’’ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਅਦੇ ਨੂੰ ਵੋਟਾਂ ਦੇ ਮੱਦੇਨਜ਼ਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਕ ਸਿਆਸੀ ਚਾਲ ਦੱਸਿਆ।
‘ਬੀਜੇਪੀ ਲਈ ਇੱਕ ਉਮੀਦਵਾਰ ਜਿਤਾਉਣਾ ਵੀ ਮੁਸ਼ਕਿਲ’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਬੇਤੁੱਕਾ ਵਰਤਾਰਾ ਹੈ ਕਿ ਹੁਣ ਬੀਜੇਪੀ ਵੱਲੋਂ ਵੀ ਕਿਸੇ ਤੋਂ ਪਿੱਛੇ ਨਾ ਰਹਿੰਦੇ ਹੋਏ ਪੰਜਾਬ ਦੇ ਲੋਕਾਂ ਦੁਆਰਾ ਚੁਣੇ ਜਾਣ ਦੀ ਸੂਰਤ ਵਿੱਚ ਦਲਿਤ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਜਦਕਿ ਬੀਜੇਪੀ ਲਈ ਜੋ ਗੁੱਸਾ ਪੰਜਾਬ ਦੇ ਲੋਕਾਂ ‘ਚ ਹੈ, ਇਹਨਾਂ ਲਈ ਤਾਂ ਇੱਕ ਉਮੀਦਵਾਰ ਦੀ ਜਿੱਤ ਹਾਸਲ ਕਰਨਾ ਵੀ ਚੁਣੌਤੀ ਹੋਵੇਗੀ।
ਖੁਦ ਸੀਐੱਮ ਵੀ ਨਹੀਂ ਰਹੇ ਪਿੱਛੇ !
ਸੀਐੱਮ ਵੱਲੋਂ ਅਕਾਲੀ ਦਲ ਅਤੇ ਬੀਜੇਪੀ ‘ਤੇ ਹਮਲੇ ਤਾਂ ਖੂਬ ਹੋਏ, ਪਰ ਸ਼ਾਇਦ ਉਹ ਭੁੱਲ ਗਏ ਕਿ ਉਹਨਾਂ ਵੱਲੋਂ ਵੀ ਸਰਕਾਰੀ ਸਕੀਮਾਂ ‘ਚ 30 ਫ਼ੀਸਦ ਫ਼ੰਡ ਅਨੁਸੂਚਿਤ ਜਾਤੀਆਂ ਦੀ ਭਲਾਈ ਵਾਸਤੇ ਖਰਚੇ ਜਾਣ ਦਾ ਐਲਾਨ ਡਾ. ਅੰਬੇਡਕਰ ਦੀ ਜਯੰਤੀ ਮੌਕੇ ਹੀ ਕੀਤਾ ਗਿਆ। ਕੀ ਇਹ ਚੋਣਾਂ ‘ਚ ਦਲਿਤਾਂ ਦਾ ਵੋਟਬੈਂਕ ਹਾਸਲ ਕਰਨ ਲਈ ਖੇਡਿਆ ਗਿਆ ਦਲਿਤ ਕਾਰਡ ਨਹੀਂ ਹੈ?