October 28, 2022
(Patiala)
ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਲੱਗਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ ਸ਼ਨੀਵਾਰ ਨੂੰ ਚੁੱਕ ਲਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ BKU ਉਗਰਾਹਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਯੂਨੀਅਨ ਦੇ 5 ਪ੍ਰਮੁੱਖ ਆਗੂਆਂ ਨਾਲ ਪਟਿਆਲਾ ਦੇ ਸਰਕਟ ਹਾਊਸ ‘ਚ ਮੀਟਿੰਗ ਕੀਤੀ ਸੀ, ਜਿਸ ਦੌਰਾਨ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦਿੱਤਾ ਗਿਆ।
ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਬਾਹਰ 2 ਹਫਤੇ ਤੋਂ ਚੱਲ ਰਹੇ ਕਿਸਾਨ ਭਰਾਵਾਂ ਦੇ ਧਰਨੇ ਉਤੇ ਸਾਡੀ ਸਹਿਮਤੀ ਬਣੀ ,ਜਿਸ ਕਰਕੇ ਕੱਲ ਧਰਨਾ ਖਤਮ ਕਰ ਦਿੱਤਾ ਜਾਵੇਗਾ @BhagwantMann @AAPPunjab @AamAadmiParty pic.twitter.com/ZKfOjDGyx7
— Kuldeep Dhaliwal (@KuldeepSinghAAP) October 28, 2022
ਮੀਟਿੰਗ ਵਿੱਚ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੋਂ ਇਲਾਵਾ ਸੀਨੀਅਰ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ, ਝੰਡਾ ਸਿੰਘ ਝੇਠੁਕੇ, ਸ਼ਿੰਗਾਰਾ ਸਿੰਘ ਅਤੇ ਰੂਪ ਸਿੰਘ ਛੰਨਾ ਮੌਜੂਦ ਰਹੇ। ਡਿਪਟੀ ਕਮਿਸ਼ਨਰ ਅਤੇ IG ਸਮੇਤ ਹੋਰ ਅਧਿਕਾਰੀ ਵੀ ਮੀਟਿੰਗ ‘ਚ ਸ਼ਾਮਲ ਸਨ।
20 ਦਿਨਾਂ ਤੋਂ ਧਰਨੇ ‘ਤੇ ਬੈਠੇ ਸਨ ਕਿਸਾਨ
ਦੱਸ ਦਈਏ ਕਿ ਕਿਸਾਨ ਪਿਛਲੇ 20 ਦਿਨਾਂ ਤੋਂ ਸੰਗਰੂਰ ‘ਚ ਸੀਐੱਮ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਸੰਗਰੂਰ-ਪਟਿਆਲਾ ਮੁੱਖ ਮਾਰਗ ‘ਤੇ ਧਰਨਾ ਦੇ ਰਹੇ ਸਨ। ਮੰਗਾਂ ਨਾ ਮੰਨਣ ‘ਤੇ ਕਿਸਾਨਾਂ ਨੇ 29 ਤਾਰੀਖ ਤੋਂ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਸੀ। ਕਿਸਾਨਾਂ ਦੀ ਮੰਗ ਸੀ ਕਿ ਸਤੰਬਰ ਮਹੀਨੇ ਵਿੱਚ ਮੰਨੀਆਂ ਗਈਆਂ ਉਹਨਾਂ ਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ, ਪਰ ਮੰਗਾਂ ਲਾਗੂ ਨਾ ਹੋਣ ਦੇ ਚਲਦੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।
ਇਹ ਸਨ ਕਿਸਾਨਾਂ ਦੀਆਂ ਮੰਗਾਂ
- ਕਿਸਾਨਾਂ ਨੂੰ ਖਰਾਬ ਫ਼ਸਲਾਂ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ।
- ਜ਼ਮੀਨ ਹੇਠਲਾ ਤੇ ਦਰਿਆਵਾਂ ਦਾ ਪਾਣੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਜਲ ਨੀਤੀ ਰੱਦ ਕੀਤੀ ਜਾਵੇ।
- ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਨੂੰ ਮਾਰਕਿਟ ਰੇਟ ਦੇ ਮੁਤਾਬਕ ਮੁਆਵਦਜ਼ਾ ਅਤੇ 30% ਉਜਾੜਾ ਭੱਤਾ ਦਿੱਤਾ ਜਾਵੇ।
- ਵੱਡੀ ਫੈਕਟਰੀਆਂ ਦਾ ਦੂਸ਼ਿਤ ਪਾਣੀ ਧਰਤੀ ‘ਚ ਜਾਣ ਤੋਂ ਰੋਕਣ ਅਤੇ ਪਾਣੀ ਪਾਉਣ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।
- ਜ਼ਮੀਨ ਨੂੰ ਸਮਤਲ ਕਰਨ ਦਾ ਹੱਕ ਖੋਹਣ ਵਾਲਾ ਕਾਨੂੰਨ ਰੱਦ ਕੀਤਾ ਜਾਵੇ।
- ਪਰਾਲੀ ਦੀ ਸਾਂਭ-ਸੰਭਾਲ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਸਖਤੀ ਬੰਦ ਕੀਤੀ ਜਾਵੇ।
- ਝੋਨੇ ਦੀ ਬਿਜਾਈ ਪੂਰੀ ਤਰ੍ਹਾਂ ਬੰਦ ਕਰਨ ਲਈ ਹੋਰ ਫ਼ਸਲਾਂ ‘ਤੇ MSP ਦਿੱਤੀ ਜਾਵੇ।
- ਕਿਸਾਨਾਂ-ਮਜ਼ਦੂਰਾਂ ‘ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ।