ਲੁਧਿਆਣਾ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਬੇਸ਼ੱਕ ਸਰਕਾਰ ਅਤੇ ਚੋਣ ਕਮਿਸ਼ਨ ਲਗਾਤਾਰ ਸ਼ਾਂਤੀਪੂਰਣ ਚੋਣਾਂ ਦੇ ਦਾਅਵੇ ਕਰ ਰਿਹਾ ਹੈ, ਪਰ ਸੂਬੇ ਨੂੰ ਦਹਿਲਾਉਣ ਦੀਆਂ ਸਾਜ਼ਿਸ਼ਾਂ ਨੇ ਵੀ ਜ਼ੋਰ ਫੜਿਆ ਹੋਇਆ ਹੈ। ਪਿਛਲੇ ਦਿਨੀਂ ਹੋਈਆਂ ਬੇਅਦਬੀ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਸੂਬੇ ਨੂੰ ਧਮਾਕੇ ਨਾਲ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵੀਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਲੁਧਿਆਣਾ ਵਿੱਚ ਕੋਰਟ ਕੰਪਲੈਕਸ ਵਿਖੇ ਜ਼ਬਰਦਸਤ ਬੰਬ ਧਮਾਕਾ ਹੋਇਆ, ਜਿਸ ਵਿੱਚ 1 ਸ਼ਖਸ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ 5 ਲੋਕ ਜ਼ਖਮੀ ਹੋਏ ਹਨ।
ਜਾਣਕਾਰੀ ਮੁਤਾਬਕ, ਇਹ ਧਮਾਕਾ ਕੋਰਟ ਕੰਪਲੈਕਸ ਦੀ ਪੁਰਾਣੀ ਬਿਲਡਿੰਗ ‘ਚ ਦੂਜੀ ਮੰਜਿਲ ‘ਤੇ ਬਾਥਰੂਮ ਅੰਦਰ ਹੋਇਆ। ਕਮਰਾ ਨੰਬਰ- 13 ਅਤੇ 14 ਦੇ ਬਿਲਕੁੱਲ ਸਾਹਮਣੇ ਬਾਥਰੂਮ ਵਿੱਚ ਇਹ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਬਾਥਰੂਮ ਦੀ ਦੀਵਾਰ ਢਹਿ-ਢੇਰੀ ਹੋ ਗਈ।
ਕਈ ਵਕੀਲਾਂ ਦੇ ਚੈਂਬਰਸ ਦੇ ਸ਼ੀਸ਼ੇ ਟੁੱਟ ਗਏ। ਇਥੋਂ ਤੱਕ ਕਿ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ।
ਇਸ ਤੋਂ ਇਲਾਵਾ ਕੋਰਟ ਕੰਪਲੈਕਸ ਦੀ ਲਗਭਗ ਹਰ ਮੰਜ਼ਿਲ ‘ਤੇ ਇਸ ਧਮਾਕੇ ਦੇ ਨਿਸ਼ਾਨ ਵੇਖੇ ਜਾ ਸਕਦੇ ਹਨ। ਆਲਮ ਅਜਿਹਾ ਹੋਇਆ ਕਿ ਪੂਰੇ ਕੋਰਟ ਕੰਪਲੈਕਸ ਵਿੱਚ ਹਫੜਾਦਫੜੀ ਦਾ ਮਾਹੌਲ ਪੈਦਾ ਹੋ ਗਿਆ।
ਮਾਰੇ ਜਾਣ ਵਾਲੇ ‘ਤੇ ਹੀ ਧਮਾਕੇ ਦਾ ਸ਼ੱਕ !
ਇਸ ਬੰਬ ਧਮਾਕੇ ਵਿੱਚ ਜਿਸ ਸ਼ਖਸ ਦੀ ਮੌਤ ਹੋਈ ਹੈ, ਉਸੇ ਦੇ Bomber ਹੋਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਬਾਥਰੂਮ ਅੰਦਰੋਂ ਮਿਲੀ ਇਸਦੀ ਲਾਸ਼ ਦੀ ਧੜ ਅਤੇ ਲੱਤਾਂ ਦੇ ਚਿਥੜੇ ਉੱਡੇ ਪਏ ਸਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਖਦਸ਼ਾ ਜਾਹਿਰ ਕੀਤਾ ਹੈ। ਹਾਲਾਂਕਿ ਫਾਰੈਂਸਿਕ ਜਾਂਚ ਤੋਂ ਬਾਅਦ ਹੀ ਪੂਰਾ ਸੱਚ ਸਾਹਮਣੇ ਆ ਸਕੇਗਾ।
ਅਸੈਂਬਲ ਕਰਨ ਵੇਲੇ ਹੋਇਆ ਬਲਾਸਟ- ਸੂਤਰ
ਇਸ ਸਭ ਦੇ ਵਿਚਾਲੇ ਖੂਫੀਆ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਮਿਲ ਰਹੀ ਹੈ ਕਿ ਕੋਰਟ ਕੰਪਲੈਕਸ ਦੇ ਬਾਥਰੂਮ ਵਿੱਚ ਧਮਾਕਾ ਉਸ ਵਕਤ ਹੋਇਆ, ਜਦੋਂ Bomber ਉਸਨੂੰ ਅਸੈਂਬਲ ਕਰ ਰਿਹਾ ਸੀ। ਯਾਨੀ ਹੋ ਸਕਦਾ ਹੈ ਕਿ ਧਮਾਕਾ ਬਾਥਰੂਮ ਦੀ ਥਾਂ ਕਿਤੇ ਹੋਰ ਕੀਤਾ ਜਾਣਾ ਸੀ। ਇਸ ਥਿਓਰੀ ‘ਤੇ ਵੀ ਪੁਲਿਸ ਜਾਂਚ ਕਰ ਰਹੀ ਹੈ।
3 ਹਸਪਤਾਲਾਂ ‘ਚ ਭਰਤੀ ਹਨ ਜ਼ਖਮੀ
ਧਮਾਕੇ ਵਿੱਚ ਜ਼ਖਮੀ ਲੁਧਿਆਣਾ ਦੇ ਰਾਜਕੋਟ ਪਿੰਡ ਦੀ ਸੰਦੀਪ ਕੌਰ (31 ਸਾਲ) ਅਤੇ ਜਮਾਲਪੁਰ ਦੀ ਸ਼ਰਨਜੀਤ ਕੌਰ (25 ਸਾਲ) ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਕਲੋਨੀ ਨਿਵਾਸੀ ਮਨੀਸ਼ ਕੁਮਾਰ (32 ਸਾਲ) CMC ਵਿੱਚ ਦਾਖਲ ਹਨ। ਇਸ ਤੋਂ ਇਲਾਵਾ ਕੁਲਦੀਪ ਸਿੰਘ ਮੰਡ (50 ਸਾਲ) ਅਤੇ ਕ੍ਰਿਸ਼ਨ ਖੰਨਾ (75 ਸਾਲ) ਦਾ DMC ਲੁਧਿਆਣਾ ਵਿੱਚ ਇਲਾਜ ਚੱਲ ਰਿਹਾ ਹੈ।
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਪਹੁੰਚ ਕੇ ਜ਼ਖਮੀਆਂ ਦਾ ਹਾਲ ਜਾਣਿਆ। ਉਹਨਾਂ ਦੇ ਨਾਲ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਸੀਐੱਮ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਨਾਲ ਸੰਪਰਕ ਵਿੱਚ ਹੈ ਅਤੇ ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਓਧਰ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਹਸਪਤਾਲ ਪਹੁੰਚ ਕੇ ਜ਼ਖਮੀਆਂ ਦਾ ਹਾਲ ਜਾਣਿਆ।
NIA ਤੇ NSG ਦੀਆਂ ਟੀਮਾਂ ਵੀ ਜਾਂਚ ‘ਚ ਜੁਟੀਆਂ
ਧਮਾਕੇ ਦੀ ਜਾਂਚ ਲਈ ਦਿੱਲੀ ਤੋਂ NSG, NIA ਅਤੇ ਨੈਸ਼ਨਲ ਬੰਬ ਡਾਟਾ ਸੈਂਟਰ ਦੀਆਂ ਟੀਮਾਂ ਲੁਧਿਆਣਾ ਪਹੁੰਚ ਚੁੱਕੀਆਂ ਹਨ ਅਤੇ ਘਟਨਾ ਦੀ ਜਾਂਚ ਵਿੱਚ ਜੁਟ ਗਈਆਂ ਹਨ। ਚੰਡੀਗੜ੍ਹ ਤੋਂ ਬੰਬ ਨਿਰੋਧਕ ਦਸਤਾ ਅਤੇ ਫਾਰੈਂਸਿਕ ਐਕਸਪਰਟ ਵੀ ਮੌਕੇ ‘ਤੇ ਪਹੁੰਚ ਗਏ ਹਨ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ..ਬਾਥਰੂਮ ਵਿੱਚੋਂ ਜਿਸ ਸ਼ਖਸ ਦੀ ਲਾਸ਼ ਮਿਲੀ ਹੈ, ਕੀ ਉਹ Suicide Bomber ਹੈ, ਜੇਕਰ ਹਾਂ ਤਾਂ ਉਸਨੇ ਧਮਾਕੇ ਲਈ ਬਾਥਰੂਮ ਨੂੰ ਹੀ ਕਿਉਂ ਚੁਣਿਆ। ਇਸਦੇ ਨਾਲ ਹੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਹੋਵੇ ਕਿ ਧਮਾਕੇ ਪਿੱਛੇ ਕਿਸਦਾ ਹੱਥ ਹੈ।
ਪੰਜਾਬ ‘ਚ ਹਾਈ ਅਲਰਟ
ਓਧਰ ਇਸ ਧਮਾਕੇ ਤੋਂ ਬਾਅਦ ਸੂਬੇ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖਾਸਕਰ, ਸਰਹੱਦੀ ਇਲਾਕਿਆਂ ਵਿੱਚ ਚੌਕਸੀ ਵਧਾਈ ਜਾ ਰਹੀ ਹੈ, ਤਾਂ ਜੋ ਸਰਹੱਦ ਪਾਰ ਤੋਂ ਨਾਪਾਕ ਸਾਜਿਸ਼ਾਂ ‘ਤੇ ਲਗਾਮ ਲਾਈ ਜਾ ਸਕੇ। ਇਸਦੇ ਨਾਲ ਹੀ ਸਾਰੇ ਸ਼ਹਿਰਾਂ ਵਿੱਚ ਜਨਤੱਕ ਥਾਵਾਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।