ਚੰਡੀਗੜ੍ਹ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਨਵੀਂ ਪਾਰਟੀ ਦੀ ਐਂਟਰੀ ਹੋ ਗਈ ਹੈ। ਅਕਾਲੀ ਦਲ ਤੋਂ ਵੱਖ ਹੋ ਕੇ ਆਪੋ-ਆਪਣੀਆਂ ਪਾਰਟੀਆਂ ਬਣਾਉਣ ਵਾਲੇ ਸੁਖਦੇਵ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਹੁਣ ਹੱਥ ਮਿਲਾ ਲਏ ਹਨ। ਦੋਵਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਦੇ ਨਾੰਅ ਹੇਠ ਨਵੀਂ ਪਾਰਟੀ ਦਾ ਗਠਨ ਕੀਤਾ ਹੈ। ਸੁਖਦੇਵ ਢੀਂਡਸਾ ਨਵੀਂ ਪਾਰਟੀ ਦੇ ਪ੍ਰਧਾਨ ਹੋਣਗੇ, ਜਦਕਿ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਹੋਣਗੇ। ਢੀਂਡਸਾ ਮੁਤਾਬਕ, ਪਾਰਟੀ ਦੇ ਢਾਂਚੇ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਪਾਰਟੀ ਦਾ ਮੁੱਖ ਦਫ਼ਤਰ ਚੰਡੀਗੜ੍ਹ ‘ਚ ਹੀ ਹੋਵੇਗਾ।
ਦੱਸਣਯੋਗ ਹੈ ਕਿ ਦੋਵੇਂ ਆਗੂਆਂ ਨੇ ਪਿਛਲੇ ਮਹੀਨੇ ਹੀ ਸ਼੍ਰੋਮਣੀ ਅਕਾਲੀ ਦਲ(ਟਕਸਾਲੀ) ਅਤੇ ਸ਼੍ਰੋਮਣੀ ਅਕਾਲੀ ਦਲ(ਡੈਮੋਕ੍ਰੇਟਿਕ) ਨੂੰ ਭੰਗ ਕਰਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਪਿਛਲੇ ਮਹੀਨੇ ਹੀ ਕਰ ਦਿੱਤਾ ਸੀ, ਪਰ ਕੋਰੋਨਾ ਦੇ ਚਲਦੇ ਨਵੀਂ ਪਾਰਟੀ ਦੇ ਲਾਂਚ ‘ਚ ਦੇਰੀ ਹੋ ਗਈ।
2022 ਲਈ ਕੀ ਹੋਵੇਗੀ ਰਣਨੀਤੀ ?
ਨਵੀਂ ਪਾਰਟੀ ਬਣਾਉਣ ਵਾਲੇ ਢੀਂਡਸਾ ਅਤੇ ਬ੍ਰਹਮਪੁਰਾ, ਦੋਵੇਂ ਕਿਸੇ ਵੇਲੇ ਅਕਾਲੀ ਦਲ ਦੇ ਵੱਡੇ ਆਗੂਆਂ ‘ਚ ਸ਼ੁਮਾਰ ਰਹੇ ਹਨ। ਲਿਹਾਜ਼ਾ ਪੰਜਾਬ ਦੀ ਸਿਆਸਤ ‘ਚ ਦੋਵਾਂ ਦਾ ਆਪਣਾ ਰਸੂਖ ਹੈ, ਪਰ ਵਧਦੀ ਉਮਰ ਅਤੇ ਬਦਲੇ ਸਮੀਕਰਨਾਂ ਵਿਚਾਲੇ ਇਹ ਆਗੂ 2022 ‘ਚ ਕੋਈ ਵੱਡਾ ਸਿਆਸੀ ਕਮਾਲ ਕਰ ਪਾਉਣਗੇ, ਇਸਦੀ ਉਮੀਦ ਘੱਟ ਹੀ ਨਜ਼ਰ ਆਉਂਦੀ ਹੈ। ਪਰ ਜੇਕਰ ਢੀਂਡਸਾ ਬ੍ਰਹਮਪੁਰਾ ਦੀ ਜੋੜੀ ਦੇ ਨਾਲ ਕਈ ਦੂਜੇ ਨਾੰਅ ਵੀ ਜੁੜ ਜਾਣ, ਤਾਂ ਇਹ ਸਮੀਕਰਨ ਬਦਲ ਵੀ ਸਕਦੇ ਹਨ।
ਨਵਜੋਤ ਸਿੱਧੂ ‘ਤੇ ਨਿਗਾਹਾਂ
ਕਾਂਗਰਸ ‘ਚ ਨਰਾਜ਼ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਵੀ ਢੀਂਡਸਾ ਦੀਆਂ ਨਿਗਾਹਾਂ ਹਨ। ਸੁਖਦੇਵ ਢੀਂਡਸਾ ਕਈ ਵਾਰ ਸਿੱਧੂ ਨੂੰ ਨਾਲ ਆਉਣ ਦਾ ਸੱਦਾ ਦੇ ਚੁੱਕੇ ਹਨ। ਪਰਮਿੰਦਰ ਢੀਂਡਸਾ ਵੀ ਅਕਸਰ ਸਿੱਧੂ ਦੀ ਤਾਰੀਫ਼ ਕਰਦੇ ਰਹੇ ਹਨ। ਹਾਲਾਂਕਿ ਸਿੱਧੂ ਨੇ ਇਸ ਦਿਸ਼ਾ ‘ਚ ਕਦੇ ਕੋਈ ਸੰਕੇਤ ਨਹੀਂ ਦਿੱਤਾ ਹੈ।
ਕੀ ਬਣ ਸਕੇਗਾ ਮਹਾਂਗਠਜੋੜ ?
ਢੀਂਡਸਾ ਨੇ ਹਾਲ ਹੀ ‘ਚ ਆਮ ਆਦਮੀ ਪਾਰਟੀ ਅਤੇ ਬਸਪਾ ਦੇ ਨਾਲ ਮਿਲ ਕੇ ਵੀ ਇੱਕ ਨਵਾਂ ਮੋਰਚਾ ਬਣਾਉਣ ਦੀ ਗੱਲ ਕਹੀ ਸੀ, ਪਰ ‘ਆਪ’ ਨੇ ਆਗੂ ਹਰਪਾਲ ਚੀਮਾ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਹਾਲਾਂਕਿ ਸੰਭਾਵਨਾਵਾਂ ਹਾਲੇ ਵੀ ਬਰਕਰਾਰ ਹਨ। ਇਸ ਤੋਂ ਇਲਾਵਾ ਢੀਂਡਸਾ ਦੀ ਕੋਸ਼ਿਸ਼ ਸੁਖਪਾਲ ਖਹਿਰਾ ਅਤੇ ਧਰਮਵੀਰ ਗਾਂਧੀ ਨੂੰ ਵੀ ਨਾਲ ਲਿਆਉਣ ਦੀ ਹੈ।