ਚੰਡੀਗੜ੍ਹ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਜਾਰੀ ਰੱਫੜ ਇੱਕ ਦਿਲਚਸਪ ਮੋੜ ਲੈਣ ਵਾਲਾ ਹੈ। ਆਏ ਦਿਨ ਸਾਹਮਣੇ ਆ ਰਹੇ ਘਟਨਾਕ੍ਰਮ ਇਸਦੇ ਸੰਕੇਤ ਦਿੰਦੇ ਜਾ ਰਹੇ ਹਨ। ਇਸ ਵਿਚਾਲੇ ਹੁਣ 2018 ਦਾ ਇੱਕ ਪੁਰਾਣਾ ਮਾਮਲਾ ਮੁੜ ਸੁਰਜੀਤ ਹੋ ਿਗਆ ਹੈ, ਜੋ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ।
ਮਾਮਲਾ ਕੈਬਨਿਟ ਮੰਤਰੀ ਚਰਨਜੀਤ ਚੰਨੀ ਨਾਲ ਜੁੜੇ #Metoo ਵਿਵਾਦ ਦਾ ਹੈ, ਜਦੋਂ ਸੂਬੇ ਦੀ ਇੱਕ IAS ਅਫ਼ਸਰ ਨੇ ਮੰਤਰੀ ‘ਤੇ ਛੇੜਛਾੜ ਦੇ ਇਲਜ਼ਾਮ ਲਾਏ ਸਨ। ਸੋਮਵਾਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮੁੜ ਇਹ ਮਾਮਲਾ ਚੁੱਕਿਆ ਗਿਆ ਅਤੇ 3 ਸਾਲਾਂ ਬਾਅਦ ਇੱਕ ਵਾਰ ਫਿਰ ਸਰਕਾਰ ਤੋਂ ਇੱਕ ਹਫ਼ਤੇ ਅੰਦਰ ਜਵਾਬ ਤਲਬ ਕੀਤਾ ਗਿਆ।
ਭੁੱਖ ਹੜਤਾਲ ਦੀ ਚੇਤਾਵਨੀ
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹਨਾਂ ਵੱਲੋਂ ਸਾਲ 2018 ‘ਚ ਸੂ-ਮੋਟੋ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਸੀ, ਜਿਸਦਾ ਅੱਜ ਤੱਕ ਜਵਾਬ ਨਹੀਂ ਆਇਆ। ਉਹਨਾਂ ਸਰਕਾਰ ਨੂੰ ਨਵਾਂ ਨੋਟਿਸ ਜਾਰੀ ਕਰਦਿਆਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਅਤੇ ਕਿਹਾ, “ਜੇਕਰ ਇੱਕ ਹਫ਼ਤੇ ਅੰਦਰ ਸਰਕਾਰ ਦਾ ਸਪੱਸ਼ਟੀਕਰਨ ਨਾ ਆਇਆ, ਤਾਂ ਮੈਂ ਅਗਲੇ ਸੋਮਵਾਰ 12 ਵਜੇ ਭੁੱਖ ਹੜਤਾਲ ‘ਤੇ ਬਹਿ ਜਾਵਾਂਗੀ। ਇਸ ਤੋਂ ਬਾਅਦ ਮੇਰੇ ਨਾਲ ਜੋ ਵੀ ਚੰਗਾ-ਮਾੜਾ ਹੋਇਆ, ਉਸਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।”
‘ਮੈਂ ਅਫ਼ਸਰਾਂ ਨੂੰ ਨਹੀਂ, ਪਬਲਿਕ ਨੂੰ ਜਵਾਬਦੇਹ’
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪ੍ਰੈੱਸ ਕਾਨਫ਼ਰੰਸ ਕਰ ਕਿਹਾ, “ਕੁਝ IAS ਅਫ਼ਸਰ ਪਿਛਲੇ 2-3 ਦਿਨਾਂ ਤੋਂ ਮੈਨੂੰ ਫੋਨ ਕਰਕੇ ਕਹਿ ਰਹੇ ਹਨ ਕਿ ਤੁਸੀਂ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ। ਤੁਸੀਂ ਮੰਤਰੀ ਨਾਲ ਰਲੇ ਹੋਏ ਹੋ।” ਉਹਨਾਂ ਕਿਹਾ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ। ਉਹਨਾਂ ਦਾਅਵਾ ਕੀਤਾ, “ਮੈਂ ਤਾਂ ਅੱਜ ਤੱਕ ਕਦੇ ਮੰਤਰੀ ਨਾਲ ਮਿਲੀ ਨਹੀਂ। ਕਦੇ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ। ਇਸ ਲਈ ਅਜਿਹੇ ਇਲਜ਼ਾਮ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ।”
ਅਫ਼ਸਰਾਂ ਵੱਲੋਂ ਵਾਰ-ਵਾਰ ਫੋਨ ਕੀਤੇ ਜਾਣ ‘ਤੇ ਉਹਨਾਂ ਸਖਤ ਲਹਿਜ਼ੇ ‘ਚ ਕਿਹਾ ਕਿ ਉਹ ਅਫਸਰਸ਼ਾਹੀ ਨੂੰ ਨਹੀਂ, ਬਲਕਿ ਪਬਲਿਕ ਅਤੇ ਵਿਮਿਨ ਕਮਿਊਨਿਟੀ ਨੂੰ ਜਵਾਬਦੇਹ ਹਨ। ਉਹਨਾਂ ਕਿਹਾ ਕਿ ਮਹਿਲਾ ਕਮਿਸ਼ਨ ਬੇਸ਼ੱਕ ਸਰਕਾਰ ਨੇ ਖੁਦ ਗਠਿਤ ਕੀਤਾ ਹੈ, ਪਰ ਉਹਨਾਂ ਨੂੰ ਸ਼ਾਇਦ ਕਮਿਸ਼ਨ ਦੀ ਪਾਵਰ ਦਾ ਅੰਦਾਜ਼ਾ ਨਹੀਂ। ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਹੁਣ ਅਫਸਰ ਉਹਨਾਂ ਨੂੰ ਫੋਨ ਕਰਕੇ ਇਸ ਬਾਰੇ ਕੁਝ ਵੀ ਕਹਿਣਗੇ, ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।
ਕੀ ਹੈ ਪੂਰਾ ਮਾਮਲਾ ?
ਪੂਰਾ ਮਾਮਲਾ ਸਾਲ 2018 ਦਾ ਹੈ। ਇਲਜ਼ਾਮ ਹਨ ਕਿ ਚੰਨੀ ਨੇ ਇੱਕ ਮਹਿਲਾ ਅਧਿਕਾਰੀ ਨੂੰ ਇਤਰਾਜ਼ਯੋਗ ਮੈਸੇਜ ਭੇਜੇ ਸਨ। ਉਸ ਵੇਲੇ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਖੂਬ ਬਵਾਲ ਹੋਇਆ ਸੀ। ਖੁਦ ਸੀਐੱਮ ਨੇ ਦਖਲ ਦੇ ਕੇ ਮੰਤਰੀ ਤੋਂ ਮੁਆਫ਼ੀ ਮੰਗਵਾਈ ਅਤੇ ਦੋਵਾਂ ਵਿਚਕਾਰ ਸਮਝੌਤਾ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਵਲੋਂ ਮਾਮਲਾ ਚੁੱਕੇ ਜਾਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ‘ਤੇ ਸੂ-ਮੋਟੋ ਲੈਂਦਿਆਂ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ॥
ਕੇਸ ਮੁੜ ਖੋਲ੍ਹੇ ਜਾਣ ਦੀ ਟਾਈਮਿੰਗ ‘ਤੇ ਸਵਾਲ
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਅੰਦਰ ਇਹਨੀਂ ਦਿਨੀਂ ਜੋ ਕਾਟੋ-ਕਲੇਸ਼ ਚੱਲ ਰਿਹਾ ਹੈ, ਉਸ ‘ਚ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੀ ਵੀ ਵੱਡੀ ਭੂਮਿਕਾ ਹੈ। ਦਰਅਸਲ, ਚੰਨੀ ਵੀ ਉਹਨਾਂ ਮੰਤਰੀਆਂ ਵਿੱਚ ਗਿਣੇ ਜਾਂਦੇ ਹਨ, ਜਿਹਨਾਂ ਨੇ ਇਸ ਵੇਲੇ ਸਰਕਾਰ ਖਿਲਾਫ਼ ਬਗਾਵਤ ਛੇੜੀ ਹੋਈ ਹੈ। ਚਰਨਜੀਤ ਚੰਨੀ ਅਜਿਹੇ ਸ਼ਖਸ ਹਨ, ਜੋ ਪਿਛਲੇ ਦਿਨੀਂ ਹੋਈ ਲਗਭਗ ਹਰ ਮੀਟਿੰਗ ‘ਚ ਮੌਜੁੂਦ ਸਨ।
ਫਿਰ ਚਾਹੇ ਮੀਟਿੰਗ ਸਿੱਧੂ ਨਾਲ ਹੋਵੇ, ਰੰਧਾਵਾ ਦੇ ਘਰ ਪ੍ਰਤਾਪ ਬਾਜਵਾ ਹੋਰਾਂ ਨਾਲ ਜਾਂ ਫਿਰ ਦਲਿਤ ਆਗੂਆਂ ਦੀ ਮੀਟਿੰਗ। ਹਾਲਾਂਕਿ ਚੰਨੀ ਦਾ ਨਾੰਅ ਉਹਨਾਂ ਮੰਤਰੀਆਂ ‘ਚ ਵੀ ਸ਼ੁਮਾਰ ਹੈ, ਜਿਹਨਾਂ ਨੇ ਹਾਈਕਮਾਨ ਤੋਂ ਸਿੱਧੂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਲਿਹਾਜ਼ਾ ਮਹਿਲਾ ਕਮਿਸ਼ਨ ਵੱਲੋਂ ਸਾਲ 2018 ਦੇ #MeToo ਕੇਸ ਨੂੰ 3 ਸਾਲਾਂ ਬਾਅਦ ਮੁੜ ਖੋਲ੍ਹੇ ਜਾਣ ਦੀ ਟਾਈਮਿੰਗ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਸਭ ਦੇ ਵਿਚਾਲੇ ਪੰਜਾਬ ‘ਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤਾਂ ਇਹ ਕਹਿਣੋਂ ਵੀ ਪਿੱਛੇ ਨਹੀਂ ਹਟੀ, ਕਿ ਜੇਕਰ ਸਰਕਾਰ ਵੱਲੋਂ ਸਹੀ ਸਪੱਸ਼ਟੀਕਰਨ ਨਹੀਂ ਦਿੱਤਾ ਜਾਂਦਾ, ਤਾਂ ਉਹ ਚੋਣ ਪ੍ਰਚਾਰ ਦੌਰਾਨ ਮਹਿਲਾਵਾਂ ਨੂੰ ਲਾਮਬੰਦ ਕਰਕੇ ਸਰਕਾਰ ਦੇ ਖਿਲਾਫ਼ ਪ੍ਰਚਾਰ ਕਰਨਗੇ।
ਹੁਣ ਚੰਨੀ ਦਾ ਕੀ ਹੋਵੇਗਾ ?
ਇਥੇ ਇਹ ਵੀ ਗੌਰ ਕਰਨ ਲਾਇਕ ਹੈ ਕਿ ਪੰਜਾਬ ਸਰਕਾਰ ਖਿਲਾਫ਼ ਲਗਾਤਾਰ ਖੁੱਲ੍ਹ ਕੇ ਬਿਆਨਬਾਜ਼ੀ ਕਰਨ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਦੇ ਕਰੀਬੀਆਂ ‘ਤੇ ਸਰਕਾਰ ਸ਼ਿਕੰਜਾ ਕਸਣ ਦੀ ਤਿਆਰੀ ‘ਚ ਹੈ, ਕਿਉਂਕਿ ਵਿਜੀਲੈਂਸ ਬਿਓਰੋ ਵੱਲੋਂ ਕੁਝ ਪੁਰਾਣੀਆਂ ਡੀਲਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਕਾਂਗਰਸ ਵਿਧਾਇਕ ਪਰਗਟ ਸਿੰਘ ਖੁਦ ਸਾਹਮਣੇ ਆ ਕੇ ਕਹਿ ਚੁੱਕੇ ਹਨ ਕਿ ਸੀਐੱਮ ਕੈਪਟਨ ਆਪਣੇ ਸਿਆਸੀ ਸਲਾਹਕਾਰ ਜ਼ਰੀਏ ਉਹਨਾਂ ਨੂੰ ਧਮਕੀ ਦੁਆ ਰਹੇ ਹਨ। ਅਜਿਹੇ ‘ਚ ਹੁਣ ਵੱਡਾ ਸਵਾਲ ਇਹ ਹੈ ਕਿ ਕਿਤੇ ਚਰਨਜੀਤ ਚੰਨੀ ਨਾਲ ਵੀ ਤਾਂ ਕੁਝ ਅਜਿਹਾ ਹੀ ਨਹੀਂ ਹੋਣ ਜਾ ਰਿਹਾ। ਇਸ ਸਵਾਲ ਦਾ ਜਵਾਬ ਵਕਤ ਆਉਣ ‘ਤੇ ਮਿਲ ਹੀ ਜਾਵੇਗਾ।